Tuesday, 21 June 2022

Bhagat Singh-Dutt letter to Home Member

ਭਗਤ ਸਿੰਘ ਅਤੇ ਬੀਕੇ ਦੱਤ ਦਾ ਅਣਗੌਲਿਆ ਖਤ

ਚਮਨ ਲਾਲ

 

14 ਜੁਲਾਈ 1929 ਦੇ ਐਤਵਾਰ ਦੇ ਅੰਗਰੇਜ਼ੀ ਟ੍ਰਿਬਿਊਨ ਵਿਚ ਭਗਤ ਸਿੰਘ ਅਤੇ ਬੀਕੇ ਦੱਤ ਦਾ ਭਾਰਤ ਸਰਕਾਰ ਦੇ ਗ੍ਰਹਿ ਮੈਂਬਰ ਦੇ ਨਾਂ ਆਪਣੀ ਭੁੱਖ ਹੜਤਾਲ ਬਾਰੇ ਲਿਖਿਆ ਖਤ ਛਪਿਆ ਹੈ। ਨਹਿਰੂ ਯਾਦਗਾਰੀ ਮਿਊਜ਼ੀਅਮ ਅਤੇ ਲਾਇਬ੍ਰੇਰੀ ਵਿਚੋਂ ਹਾਸਲ ਕੀਤੇ ਇਸ ਖਤ ਦਾ ਪੰਜਾਬੀ ਅਨੁਵਾਦ ਆਜ਼ਾਦੀ ਦੇ 75ਵੇਂ ਵਰ੍ਹੇ ਦੌਰਾਨ ਪਹਿਲੀ ਵਾਰ ਕੀਤਾ ਜਾ ਰਿਹਾ ਹੈ। ਭਗਤ ਸਿੰਘ ਦੇ ਕਈ ਖਤ ਉਨ੍ਹੀਂ ਦਿਨੀਂ ਕਈ ਅਖਬਾਰਾਂ ਵਿਚ ਛਪਦੇ ਰਹੇ, ਕੁਝ ਨੂੰ ਭਗਤ ਸਿੰਘ ਦੇ ਦਸਤਾਵੇਜ਼ਾਂ ਦੀਆਂ ਸੰਗ੍ਰਹਿ ਕੀਤੀਆਂ ਕਿਤਾਬਾਂ ਵਿਚ ਸਾਂਭ ਲਿਆ ਗਿਆ ਪਰ ਕੁਝ ਲਿਖਤਾਂ ਅਜੇ ਵੀ ਖੋਜ ਕਰਤਾਵਾਂ ਨੂੰ ਲੱਭ ਜਾਂਦੀਆਂ ਹਨ। ਇਨ੍ਹਾਂ ਵਿਚੋਂ ਇਹ ਖਤ ਵੀ ਇਕ ਹੈ। ਅੱਜ ਕੱਲ੍ਹ ਦੇਸ਼-ਧ੍ਰੋਹ ਕਾਨੂੰਨ ਖਤਮ ਕਰਨ ਦੇ ਸੁਪਰੀਮ ਕੋਰਟ ਦੇ ਸੁਝਾਅ ਦੇ ਪ੍ਰਸੰਗ ਵਿਚ ਇਸ ਖਤ ਦਾ ਖਾਸ ਮਹੱਤਵ ਹੈ, ਕਿਉਂਕਿ ਇਸ ਖਤ ਵਿਚ ਵੀ ਦੇਸ਼-ਧ੍ਰੋਹ ਦੇ ਕੇਸਾਂ ਵਿਚ ਜੇਲ੍ਹਾਂ ਵਿਚ ਬੰਦ ਦੇਸ਼ ਭਗਤਾਂ ਦਾ ਜ਼ਿਕਰ ਭਗਤ ਸਿੰਘ ਨੇ ਕੀਤਾ ਹੈ:

 

ਭਗਤ ਸਿੰਘ ਅਤੇ ਦੱਤ ਨੇ ਗ੍ਰਹਿ ਮੈਂਬਰ ਨੂੰ ਖਤ ਭੇਜਿਆ

 

“ਸਿਆਸੀ ਕੈਦੀਆਂ ਨੂੰ ਇੱਕੋ ਜਗ੍ਹਾ ਇਕੱਠੇ ਰੱਖਿਆ ਜਾਵੇ।”

 

“ਸਾਨੂੰ ਨਹਾਉਣ ਧੋਣ ਦੀਆਂ ਚੀਜ਼ਾਂ ਦਿੱਤੀਆਂ ਜਾਣ।”

 

ਲਾਹੌਰ, 12 ਜੁਲਾਈ

 

ਹੇਠਾਂ ਉਸ ਖਤ ਦੀ ਪੂਰੀ ਇਬਾਰਤ ਹੈ ਜੋ ਭਗਤ ਸਿੰਘ ਅਤੇ ਬੀਕੇ ਦੱਤ ਨੇ ਆਪਣੀਆਂ ਮੰਗਾਂ ਬਾਰੇ ਸਪੈਸ਼ਲ ਮੈਜਿਸਟਰੇਟ (ਲਾਹੌਰ ਸਾਜ਼ਿਸ਼ ਕੇਸ 1929), ਲਾਹੌਰ ਰਾਹੀਂ ਭਾਰਤ ਸਰਕਾਰ ਦੇ ਗ੍ਰਹਿ ਮੈਂਬਰ ਨੂੰ ਭੇਜਿਆ, ਹੁਣ (ਦੋਵੇਂ) ਭੁੱਖ ਹੜਤਾਲ ’ਤੇ ਹਨ।

 

ਜਨਾਬ, -ਸਾਨੂੰ ਭਗਤ ਸਿੰਘ ਅਤੇ ਬੀਕੇ ਦੱਤ ਨੂੰ 19 ਅਪਰੈਲ (8 ਅਪਰੈਲ)* 1929 ਦੇ ਦਿੱਲੀ ਅਸੈਂਬਲੀ ਬੰਬ ਕੇਸ ਵਿਚ ਉਮਰ ਕੈਦ ਹੋਈ ਹੈ। ਜਦ ਤਕ ਅਸੀਂ ਦਿੱਲੀ ਵਿਚ ਮੁਕੱਦਮੇ ਅਧੀਨ ਕੈਦੀ ਸੀ, ਸਾਡੇ ਨਾਲ ਜੇਲ੍ਹ ਵਿਚ ਬੜਾ ਚੰਗਾ ਸਲੂਕ ਕੀਤਾ ਜਾਂਦਾ ਸੀ ਅਤੇ ਬੜੀ ਚੰਗੀ ਖੁਰਾਕ ਦਿੱਤੀ ਜਾਂਦੀ ਸੀ ਪਰ ਜਦੋਂ ਤੋਂ ਸਾਡੀ ਤਬਦੀਲੀ ਕ੍ਰਮਵਾਰ ਮੀਆਂਵਾਲੀ ਅਤੇ ਲਾਹੌਰ ਕੇਂਦਰੀ ਜੇਲ੍ਹ ਵਿਚ ਹੋਈ ਹੈ ,ਸਾਡੇ ਨਾਲ ਆਮ ਮੁਜਰਿਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਤਬਦੀਲੀ ਦੇ ਪਹਿਲੇ ਹੀ ਦਿਨ ਅਸੀਂ ਉੱਚ ਅਧਿਕਾਰੀਆਂ ਨੂੰ ਖਤ ਲਿਖ ਕੇ ਚੰਗੀ ਖੁਰਾਕ ਅਤੇ ਕੁਝ ਹੋਰ ਸਹੂਲਤਾਂ ਦੀ ਮੰਗ ਕੀਤੀ ਸੀ ਅਤੇ ਉਸ ਦਿਨ ਤੋਂ ਹੀ ਅਸੀਂ ਜੇਲ੍ਹ ਦਾ ਖਾਣਾ ਨਹੀਂ ਖਾ ਰਹੇ।**

 

ਸਾਡੀਆਂ ਮੰਗਾਂ ਨਿਮਨ ਅਨੁਸਾਰ ਹਨ:-

 

1. ਸਾਨੂੰ ਸਿਆਸੀ ਕੈਦੀਆਂ ਦੇ ਤੌਰ ’ਤੇ ਚੰਗੀ ਖੁਰਾਕ ਦਿੱਤੀ ਜਾਵੇ ਅਤੇ ਸਾਡੀ ਖੁਰਾਕ ਦਾ ਪੱਧਰ ਘੱਟੋ-ਘੱਟ ਯੂਰੋਪੀਅਨ ਕੈਦੀਆਂ ਦੇ ਬਰਾਬਰ ਹੋਵੇ। (ਬਰਾਬਰ ਹੋਣ ਦਾ ਅਰਥ ਉਹੋ ਖੁਰਾਕ ਨਹੀਂ, ਸਾਡੀ ਮੰਗ ਹੈ ਕਿ ਖੁਰਾਕ ਦਾ ਪੱਧਰ ਉਸ ਦੇ ਬਰਾਬਰ ਹੋਣ ਚਾਹੀਦਾ ਹੈ)।

 

2. ਸਾਨੂੰ ਸਖਤ ਅਤੇ ਸ਼ਾਨ ਦੇ ਖਿਲਾਫ਼ ਮੁਸ਼ੱਕਤ ਕਰਨ ਲਈ ਮਜਬੂਰ ਨਾ ਕੀਤਾ ਜਾਵੇ।

 

3. ਉਹ ਸਾਰੀਆਂ ਕਿਤਾਬਾਂ ਜਿਨ੍ਹਾਂ ’ਤੇ ਪਾਬੰਦੀ ਨਹੀਂ ਲੱਗੀ, ਦੇ ਨਾਲ ਨਾਲ ਲਿਖਣ ਸਮੱਗਰੀ ਬਿਨਾਂ ਰੋਕ ਟੋਕ ਦਿੱਤੀ ਜਾਵੇ।

 

4. ਘੱਟੋ-ਘੱਟ ਇੱਕ ਮਿਆਰੀ ਰੋਜ਼ਾਨਾ ਅਖਬਾਰ ਹਰ ਜੇਲ੍ਹ ਵਿਚ ਹਰ ਸਿਆਸੀ ਕੈਦੀ ਨੂੰ ਦਿੱਤਾ ਜਾਵੇ।

 

5. ਹਰ ਜੇਲ੍ਹ ਵਿਚ ਸਿਆਸੀ ਕੈਦੀਆਂ ਦਾ ਆਪਣਾ ਖਾਸ ਵਾਰਡ ਹੋਵੇ ਜਿੱਥੇ ਯੂਰੋਪੀਅਨ ਕੈਦੀਆਂ ਵਾਲੀਆਂ ਸਾਰੀਆਂ ਸਹੂਲਤਾਂ ਹੋਣ ਅਤੇ ਇੱਕ ਜੇਲ੍ਹ ਦੇ ਸਾਰੇ ਸਿਆਸੀ ਕੈਦੀ ਉਸ ਵਾਰਡ ਵਿਚ ਇਕੱਠੇ ਰੱਖੇ ਜਾਣ।

 

6. ਸਾਡੀਆਂ ਨਹਾਉਣ ਧੋਣ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ।

 

7. ਬਿਹਤਰ ਕੱਪੜੇ।

 

ਅਸੀਂ ਉੱਪਰ ਆਪਣੀਆਂ ਸਾਰੀਆਂ ਮੰਗਾਂ ਸਪਸ਼ਟ ਕਰ ਦਿੱਤੀਆਂ ਹਨ।

 

ਇਹ ਸਾਰੀਆਂ ਬਿਲਕੁਲ ਵਾਜਬ ਮੰਗਾਂ ਹਨ। ਜੇਲ੍ਹ ਅਧਿਕਾਰੀਆਂ ਨੇ ਇੱਕ ਦਿਨ ਸਾਨੂੰ ਦੱਸਿਆ ਕਿ ਉੱਚ ਅਧਿਕਾਰੀਆਂ ਨੇ ਇਹ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

 

ਇਸ ਤੋਂ ਇਲਾਵਾ ਜਬਰੀ ਖੁਰਾਕ ਦੇਣ ਸਮੇਂ ਸਾਡੇ ਨਾਲ ਬੜਾ ਭੈੜਾ ਸਲੂਕ ਕੀਤਾ ਜਾਂਦਾ ਹੈ। 10 ਜੂਨ (10 ਜੁਲਾਈ)*** ਨੂੰ ਜਬਰੀ ਖੁਰਾਕ ਦੇਣ ਸਮੇਂ ਭਗਤ ਸਿੰਘ 15 ਮਿੰਟ ਬੇਹੋਸ਼ ਪਿਆ ਰਿਹਾ। ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਨ ਕਿ ਜਬਰੀ ਖੁਰਾਕ ਦੇਣੀ ਤੁਰੰਤ ਬੰਦ ਕੀਤੀ ਜਾਵੇ।

 

ਇਸ ਦੇ ਨਾਲ ਹੀ ਅਸੀਂ ਤੁਹਾਡਾ ਧਿਆਨ ਪੰਡਿਤ ਜਗਤ ਨਾਰਾਇਣ ਅਤੇ ਕੇਬੀ ਹਾਫਿਜ਼ ਹਿਦਾਇਤ ਹੁਸੈਨ ਦੀਆਂ ਯੂਪੀ ਜੇਲ੍ਹ ਕਮੇਟੀ ਦੀਆਂ ਸਿਫ਼ਾਰਿਸ਼ਾਂ ਵਲ ਖਿੱਚਣ ਦੀ ਵੀ ਇਜਾਜ਼ਤ ਚਾਹੁੰਦੇ ਹਾਂ। ਉਨ੍ਹਾਂ ਨੇ ਸਿਫ਼ਾਰਿਸ਼ ਕੀਤੀ ਹੈ ਕਿ ਸਿਆਸੀ ਕੈਦੀਆਂ ਨਾਲ ‘ਬਿਹਤਰ ਕਲਾਸ ਕੈਦੀਆਂ’ ਵਾਲਾ ਸਲੂਕ ਕੀਤਾ ਜਾਵੇ।

 

ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਕਿਰਪਾ ਕਰਕੇ ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ’ਤੇ ਵਿਚਾਰ ਕੀਤਾ ਜਾਵੇ।

 

ਅਸੀਂ ਹਾਂ

 

(ਦਸਤਖਤ) ਭਗਤ ਸਿੰਘ

 

(ਦਸਤਖਤ) ਬੀਕੇ ਦੱਤ

 

ਨੋਟ (NB) -‘ਸਿਆਸੀ ਕੈਦੀਆਂ’ ਤੋਂ ਸਾਡਾ ਭਾਵ ਹੈ ਉਹ ਸਾਰੇ ਲੋਕ ਜਿਹੜੇ ਰਿਆਸਤ/ਸਟੇਟ ਖਿਲਾਫ ਕੇਸਾਂ ਵਿਚ ਸਜ਼ਾਯਾਫ਼ਤਾ ਹਨ, ਮਿਸਾਲ ਦੇ ਤੌਰ ’ਤੇ ਉਹ ਲੋਕ ਜੋ 1915-17 ਵਾਲੇ ਲਾਹੌਰ ਸਾਜ਼ਿਸ਼ ਕੇਸਾਂ, ਕਾਕੋਰੀ ਸਾਜ਼ਿਸ਼ ਕੇਸ ਅਤੇ ਦੇਸ਼-ਧ੍ਰੋਹ ਮਾਮਲਿਆਂ ਵਿਚ ਸਜ਼ਾਯਾਫ਼ਤਾ ਹਨ। - ਫਰੀ ਪ੍ਰੈੱਸ****

 

ਹਵਾਲੇ:

 

*ਦਿੱਲੀ ਅਸੈਂਬਲੀ ਬੰਬ ਕਾਂਡ 8 ਅਪਰੈਲ 1929 ਨੂੰ ਵਾਪਰਿਆ ਸੀ ਅਤੇ ਇਸ ਦਾ ਫੈਸਲਾ 12 ਜੂਨ ਨੂੰ ਹੋਇਆ ਸੀ। ਸੋ, ਇੱਥੇ ਤਰੀਖ 19 ਅਪਰੈਲ ਦੀ ਬਜਾਇ 8 ਅਪਰੈਲ ਜਾਂ 12 ਜੂਨ ਹੋਣੀ ਚਾਹੀਦੀ ਸੀ।

 

**ਭਗਤ ਸਿੰਘ ਅਤੇ ਬੀਕੇ ਦੱਤ ਨੇ 14-15 ਜਨਵਰੀ 1929 ਨੂੰ ਰੇਲ ਗੱਡੀ ਵਿਚ ਮੀਆਂਵਾਲੀ ਅਤੇ ਲਾਹੌਰ ਲਿਜਾਂਦੇ ਸਮੇਂ ਹੀ ਆਮ ਮੁਜਰਿਮਾਂ ਵਾਲੇ ਸਲੂਕ ਖਿਲਾਫ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਜਦੋਂ ਭਗਤ ਸਿੰਘ ਨੂੰ 10 ਜੁਲਾਈ 1929 ਨੂੰ ਮੀਆਂਵਾਲੀ ਜੇਲ੍ਹ ਤੋਂ ਲਿਆ ਕੇ ਲਾਹੌਰ ਸਾਜ਼ਿਸ਼ ਕੇਸ ਸ਼ੁਰੂ ਹੋਣ ਸਮੇਂ ਲਾਹੌਰ ਅਦਾਲਤ ਵਿਚ ਵਿਚ ਪੇਸ਼ ਕੀਤਾ ਗਿਆ ਸੀ ਤਾਂ ਭੁੱਖ ਹੜਤਾਲ ਕਾਰਨ ਉਨ੍ਹਾਂ ਨੂੰ ਸਟਰੈਚਰ ’ਤੇ ਅਦਾਲਤ ਵਿਚ ਲਿਆਂਦਾ ਗਿਆ ਸੀ। 13 ਜੁਲਾਈ 1929 ਤੋਂ ਭਗਤ ਸਿੰਘ ਅਤੇ ਬੀਕੇ ਦੱਤ ਦੀ ਭੁੱਖ ਹੜਤਾਲ ਦੀ ਹਮਾਇਤ ਵਿਚ ਲਾਹੌਰ ਸਾਜਿ਼ਸ਼ ਕੇਸ ਦੇ ਸਾਰੇ ਕੈਦੀਆਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ ਜਿਸ ਵਿਚ 13 ਸਤੰਬਰ 1929 ਨੂੰ ਜਤਿੰਦਰ ਨਾਥ ਦਾਸ ਸ਼ਹੀਦ ਹੋ ਗਏ ਸਨ।

 

***ਖ਼ਬਰ ਵਿਚ ਲਿਖੀ 10 ਜੂਨ ਤਾਰੀਖ ਵੀ ਅਸਲ ਵਿਚ 10 ਜੁਲਾਈ ਹੈ ਜਿਸ ਦਿਨ ਅਦਾਲਤੀ ਪੇਸ਼ੀ ਤੋਂ ਬਾਅਦ ਸ਼ਾਇਦ ਭਗਤ ਸਿੰਘ ਨੂੰ ਜਬਰੀ ਖੁਰਾਕ ਦਿੱਤੀ ਗਈ ਸੀ।

 

****ਇਹ ਖ਼ਬਰ ਫਰੀ ਪ੍ਰੈੱਸ ਏਜੰਸੀ ਨੇ ਜਾਰੀ ਕੀਤੀ ਸੀ।

 

(ਅਨੁਵਾਦ ਤੇ ਪੇਸ਼ਕਾਰੀ: ਚਮਨ ਲਾਲ ਜੋ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਭਗਤ ਸਿੰਘ ਆਰਕਾਇਵਸ ਨਵੀਂ ਦਿੱਲੀ ਦੇ ਆਨਰੇਰੀ ਸਲਾਹਕਾਰ ਹਨ।






No comments: