Sunday 27 March 2011

ਭਗਤ ਸਿੰਘ ਦੀ #ਸਿਆਸੀ ਕੈਦੀ# ਦੀ ਪਰਿਭਾਸ਼ਾ

ਭਗਤ ਸਿੰਘ ਦੀ #ਸਿਆਸੀ ਕੈਦੀ# ਦੀ ਪਰਿਭਾਸ਼ਾ
                          ਡਾ॰  ਚਮਨ ਲਾਲ
           ਭਗਤ ਸਿੰਘ ਦੇ ਕੁਝ ਹੋਰ ਅਹਮ ਖ਼ਤ ਸਾਹਮਣੇ ਆਏ ਹਨ,ਜਿਨਾਂ ਤੋਂ ਇੱਕ ਖ਼ਤ ਵਿੱਚ ਉਨਾਂ ਸਿਆਸੀ ਕੈਦੀ ਦੀ ਸਪਸ਼ਟ ਪਰਿਭਾਸ਼ਾ ਦਿੱਤੀ ਹੈ। 12 ਜੂਨ 1929 ਨੂੰ ਉਨਾਂ ਨੂੰ ਤੇ ਬਟੁਕੇਸ਼ਵਰ ਦੱਤ ਨੂੰ  ਦਿੱਲੀ ਅਸੈਂਬਲੀ ਬੰਬ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਦੇਣ ਤੋਂ ਬਾਦ ਮੀਆਂਵਾਲੀ ਤੇ ਲਾਹੌਰ ਜੇਲ਼ ਭੇਜਿਆ ਗਿਆ। ਦਿੱਲੀ ਵਿੱਚ ਦੋਵਾਂ ਨੂੰ ਵਿਸ਼ੇਸ਼ ਕੈਦੀ ਦਾ ਦਰਜਾ ਹਾਸਿਲ ਸੀ,ਪਰ ਪੰਜਾਬ ਵਿੱਚ  ਉਨਾਂ ਨੂੰ ਸਧਾਰਨ ਕੈਦੀ ਸਮਝਿਆ ਗਿਆ, ਜਿਸਦੇ ਖਿਲਾਫ ਦੋਵਾਂ ਨੇ 15 ਜੂਨ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।ਇਸ ਸੰਬੰਧ ਵਿੱਚ ਭਗਤ ਸਿੰਘ ਨੇ ਆਈ॰ ਜੀ॰ਪੰਜਾਬ ਜੇਲ ਨੂੰ 17 ਜੂਨ ਨੂੰ ਖ਼ਤ ਲਿਖਿਆ,ਜਿਸਦੇ ਪ੍ਰਤੀਕਰਮ ਵਜੋਂ ਸੁਪਰਡੈਂਟ ਮੀਆਂਵਾਲੀ ਜੇਲ ਨੇ ਭਗਤ ਸਿੰਘ ਤੋਂ 18 ਜੂਨ ਨੂੰ ਕੁਝ ਸਪਸ਼ਟੀਕਰਨ ਮੰਗੇ, ਜਿਨਾਂ ਵਿੱਚ ਇੱਕ ਉਨਾਂ ਵਲੋਂ ਖੁਦ ਨੂੰ #ਸਿਆਸੀ ਕੈਦੀ# ਸਮਝੇ ਜਾਣ ਬਾਰੇ ਸੀ। ਭਗਤ ਸਿੰਘ ਨੇ 19 ਜੂਨ ਨੂੰ ਇਸ ਖ਼ਤ ਦੇ ਜਵਾਬ ਵਿੱਚ  ਜੋ ਖ਼ਤ ਸੁਪਰਡੈਂਟ ਜੇਲ ਨੂੰ ਲਿਖਿਆ, ਉਹ ਉਨਾਂ ਦੀ #ਸਿਆਸੀ ਕੈਦੀ# ਦੀ ਪਰਿਭਾਸ਼ਾ ਨੂੰ ਸਪਸ਼ਟ ਕਰਨ ਵਾਲਾ ਹੈ। ਮੂਲ ਖ਼ਤ ਅੰਗਰੇਜ਼ੀ ਵਿੱਚ ਮਲਵਿੰਦਰਜੀਤ ਸਿੰਘ ਵੜੈਚ ਹੁਰਾਂ ਆਪਣੀ ਕਿਤਾਬ-#ਭਗਤ ਸਿੰਘ ਦੀ ਫਾਂਸੀ# ਵਿੱਚ ਛਾਪ ਦਿਤਾ ਹੈ, ਇਥੇ ਉਸਦਾ ਪੰਜਾਬੀ ਤਰਜਮਾ ਪੇਸ਼ ਹੈ।ਭਗਤ ਸਿੰਘ ਦੇ ਸਿਆਸੀ ਵਿਚਾਰਾਂ ਨੂੰ ਸਮਝਣ ਲਈ ਏਹ ਖ਼ਤ ਬੜਾ ਜ਼ਰੂਰੀ ਹੈ।–ਚਮਨ ਲਾਲ
ਸੇਵਾ ਵਿਖੇ
ਸੁਪਰਡੈਂਟ
ਜ਼ਿਲਾ ਜੇਲ ਮੀਆਂਵਾਲੀ
ਪਿਆਰੇ ਸ਼੍ਰੀਮਾਨ ਜੀ,
ਮੇਰੀ ਅਰਜ਼ੀ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ ਵਿੱਚ ਮੈਂ  ਕਹਣਾ  ਚਾਹੁੰਦਾ ਹਾਂ:
1॰ ਮੈਂ ਇੱਕ ਸਿਆਸੀ ਕੈਦੀ ਹਾਂ।ਮੈਨੂੰ ਨਹੀਂ ਪਤਾ ਕਿ ਵਿਸ਼ੇਸ਼ ਦਰਜੇ ਦੇ ਕੈਦੀਆਂ ਨੂੰ ਕੀ ਸਹੂਲਤਾਂ ਹਾਸਲ ਹਨ।ਇੱਕ ਹੱਕ ਦੇ ਤੌਰ ਤੇ ਮੈਂ ਕਹਣਾ ਚਾਹੁੰਦਾ ਹਾਂ ਕਿ ਸਾਨੂੰ #ਸਿਆਸੀ ਕੈਦੀ# ਤਸਲੀਮ ਕਰਨਾ ਚਾਹੀਦਾ ਹੈ। ਪਰ #ਰਾਜ ਕੈਦੀ# ਆਪਣੇ ਆਪ ਵਿੱਚ ਬੜਾ ਅਜੀਬ ਹੈ।*ਇਸ ਲਈ ਮੈਂ ਕਹੰਦਾ ਹਾਂ ਕਿ ਮੇਰੇ ਨਾਲ ਵਿਸ਼ੇਸ਼ ਸਲੂਕ ਕੀਤਾ ਜਾਵੇ ,ਮਤਲਬ ਮੈਨੂੰ ਉਹੋ ਵਿਸ਼ੇਸ਼ ਖ਼ੁਰਾਕ ਦਿੱਤੀ ਜਾਵੇ, ਜੋ ਮੈਨੂੰ ਦਿੱਲੀ ਜੇਲ ਵਿੱਚ ਦਿੱਤੀ ਜਾਂਦੀ ਸੀ-ਮੁਲਜ਼ਮ ਤੇ ਸਜ਼ਾ ਮਿਲਣ ਬਾਅਦ ਦੋ ਦਿਨ- ਦੋਵਾਂ ਰੂਪਾਂ ਵਿੱਚ। ਇਸਦੇ ਨਾਲ ਹੀ ਮੈਨੂੰ ਸਾਹਿਤ ਪੜ੍ਹਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ,ਕਿਉਂਕਿ ਸਾਨੂੰ ਸਾਡੇ ਵਿਚਾਰਾਂ ਲਈ ਸਜ਼ਾ ਦਿੱਤੀ ਗਈ ਹੈ ਅਤੇ ਅਕਸਰ ਸਾਨੂੰ #ਭਟਕੇ# ਜਾ ਅਜਿਹਾ ਕੁਝ ਹੀ ਕਿਹਾ ਗਿਆ ਹੈ। ਇਸਲਈ ਸਾਨੂੰ ਪੜ੍ਹਨ ਅਤੇ #ਨਰਮ ਖਿਆਲ ਅਤੇ ਵਿਚਾਰ# ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ, ਜੋ ਵੀ ਹੋਵੇ, ਇਤਿਹਾਸ, ਅਰਥਸ਼ਾਸ਼ਤਰ ਵਰਗੇ ਵਿਸ਼ਿਆਂ ਦੀਆਂ ਕਿਤਾਬਾਂ ਸਾਨੂੰ ਬਿਨਾ ਰੁਕਾਵਟ ਮਿਲਣੀਆਂ ਚਾਹੀਦੀਆਂ ਹਨ,ਜਿਵੇ ਵਿਸ਼ੇਸ਼ ਦਰਜੇ ਦੇ ਕੈਦੀਆਂ ਨੂੰ ਮਿਲਦੀਆਂ ਹਨ।
2. ਦਿੱਲੀ ਜੇਲ ਵਿੱਚ ਮੁਕਦਮੇ ਅਧੀਨ ਅਤੇ ਸਜਾਯਾਫਤਾ ਦੋਵਾਂ ਰੂਪਾਂ ਵਿੱਚ ਵਿਸ਼ੇਸ਼ ਖ਼ੁਰਾਕ ਅਤੇ ਸਾਹਿਤ ਮਿਲਦਾ ਸੀ।
3॰ #ਜ਼ਬਰਦਸਤੀ ਮਸ਼ੱਕਤ# ਤੋਂ ਮਤਲਬ ਏਹ ਕਿ ਅਸੀਂ ਸਿਆਸੀ ਕੈਦੀਆਂ ਤੇ ਸਜ਼ਾ ਦੇ ਹਿੱਸੇ ਦੇ ਤੌਰ ਤੇ ਮਸ਼ੱਕਤ ਕਰਨ ਦੀ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ। ਅਸੀਂ ਆਪਣੀ ਇਛਾ ਨਾਲ ਮਸ਼ੱਕਤ ਕਰ ਸਕਦੇ ਹਾਂ।
4.ਮੈਨੂੰ ਜੱਜ ਤੋਂ ਵਿਸ਼ੇਸ਼ ਸਹੂਲਤਾਂ ਬਾਰੇ ਪੁਛਣ ਦੀ ਲੋੜ ਮਹਿਸੂਸ ਨਹੀਂ ਹੋਈ, ਕਿਉਂਕਿ ਏਹ ਸਾਨੂੰ ਪਹਲਾਂ ਤੋਂ ਮਿਲ ਰਹੀਆਂ ਸਨ।
5. ਹੁਣ ਤੁਹਾਡੇ ਪੰਜਵੇ ਸਵਾਲ ਬਾਰੇ। ਮੈਂ ਸਾਫ ਲਫਜ਼ਾਂ ਵਿਸ਼ ਉਨਾ ਹੱਕਾਂ ਦੀ ਬੇਨਤੀ ਕਰਦਾ ਹਾਂ, ਜਿਨਾਂ ਦਾ ਸਾਨੂੰ ਸਿਆਸੀ ਹੋਣ ਕਰ ਕੇ ਹੱਕ ਹੈ। ਅਜੇਹਾ ਕੋਈ ਵੀ ਕਾਨੂਨ ਜੋ ਸਾਡੇ ਹੱਕਾਂ ਦਾ ਉਲੰਘਣ ਕਰਦਾ ਹੋਵੇ, ਦੀ ਇੱਜ਼ਤ ਦੀ ਉਮੀਦ ਸਾਥੋਂ ਨਹੀਂ ਕੀਤੀ ਜਾਂ ਸਕਦੀ। ਮੈਂ ਬਿਨਾ ਵਜਾਹ ਕੋਈ ਝਗੜਾ ਨਹੀਂ ਕਰਨਾ ਚਾਹੁੰਦਾ। ਮੇਰੇ ਖਿਆਲ ਵਿੱਚ ਮੈਂ ਬੇਹਦ ਬਾਦਲੀਲ ਮੰਗਾਂ ਰਖੀਆਂ ਹਨ ਅਤੇ ਮੇਰਾ ਵਿਵਹਾਰ, ਜੋ ਹੁਣ ਤੱਕ  ਮੇਰੇ ਖਿਆਲ ਵਿੱਚ ਬੇਹੱਦ ਵਾਜਿਬ ਰਿਹਾ ਹੈ, ਇਸ ਵੱਲ ਇਸ਼ਾਰਾ ਕਰਦਾ ਹੈ ਕਿ ਮੈਂ ਕਿਸੇ ਕਾਨੂਨ ਦਾ ਉਲੰਘਣ ਨਹੀਂ ਕੀਤਾ । ਮੈਂ ਬੜੇ ਅਫਸੋਸ ਨਾਲ ਕਹ ਰਿਹਾ ਹਨ ਕਿ ਮੈਂ ਹੋਰ ਕੁੱਝ ਨਹੀਂ ਕਰ ਸਕਦਾ ਅਤੇ ਇਸਲਈ ਜੋ ਵੀ ਤਕਲੀਫਾਂ ਹੋਣਗੀਆਂ , ਮੈਂ ਝਲਣ ਲਈ ਤਿਆਰ ਹਾਂ।
  ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਮੈਂ ਜੋ ਕਿਹਾ ਹੈ,ਉਸਤੇ  ਬਿਨਾਂ ਕਿਸੇ ਤਾਸਬ ਦੇ ਗੌਰ ਫ਼ਰਮਾਓ ਅਤੇ ਜ਼ਰੂਰੀ ਕਾਰਵਾਈ ਕਰੋ।
ਲਾਹੌਰ,ਜ਼ਰੀਏ ਸੁਪਰਡੈਂਟ                                                ਦਸਖ਼ਤ- ਭਗਤ ਸਿੰਘ
19-6-1929                                                 ਕੈਦੀ ਨੰ॰ 1119

  •  ਜੇਲ ਸੁਪ੍ਰਡੈਂਟ ਨੇ ਪੁਛਿਆ ਸੀ ਕਿ ਕਿਉਂਕਿ ਜੇਲ ਨਿਯਮਾਂ ਵਿੱਚ #ਸਿਆਸੀ ਕੈਦੀ# ਲਫਜ਼ ਹੀ ਨਹੀਂ ਹੈ,ਉਨਾਂ ਨੂੰ #ਵਿਸ਼ੇਸ਼ ਦਰਜਾ ਹਾਸਲ # ਜਾਂ#ਰਾਜ ਕੈਦੀ# ਦਰਜੇ ਵਿੱਚ  ਰਖਣ ਤੇ ਵਿਚਾਰ ਹੋ ਸਕਦਾ ਹੈ , ਏਹ ਜਵਾਬ ਉਸ ਹਵਾਲੇ ਨਾਲ ਹੈ ।
  • ਪੰਜਾਬੀ ਅਨੁਵਾਦ ਅਤੇ ਟਿੱਪਣੀ—ਚਮਨ ਲਾਲ , ਪ੍ਰੋਫੈਸਰ, JNU,ਦਿੱਲੀ

ਭਗਤ ਸਿੰਘ ਦੀ ਲਹਿਰ ਨਾਲ ਪਟਿਆਲਾ ਦਾ ਸੰਬੰਧ

    This article was probably published in 'Punjabi Tribune' Chandigarh on Sunday 20th March 2011, but I could not get it on internet edition, so posting here now in original for the benefit of those who don't read Punjabi Tribune,but can read Punjabi in Gurmukhi script.Someone knowing to convert it into Shahmukhi may do it so.              


                         ਭਗਤ ਸਿੰਘ ਦੀ ਲਹਿਰ ਨਾਲ ਪਟਿਆਲਾ ਦਾ ਸੰਬੰਧ  
                                                                  ਡਾ ਚਮਨ ਲਾਲ

     ਗਦਰ ਪਾਰਟੀ ਦਾ ਅਸਰ ਪੰਜਾਬ ਦੇ ਮਾਲਵੇ ਖਿਤੇ ਤੇ ਕਾਫੀ ਸੀ, ਬਹੁਤ ਸਾਰੇ ਸ਼ਹੀਦ ਗਦਰ ਪਾਰਟੀ ਨਾਲ ਜੁੜ ਕੇ ਮਾਲਵੇ ਇਲਾਕੇ ਤੋਂ ਹੋਏ। ਪਰ ਇਹੋ ਗਲ ਭਗਤ ਸਿੰਘ ਦੀ ਲਹਿਰ ਬਾਰੇ ਕਹਨੀ ਔਖੀ ਹੈ, ਜਿਸ ਦਾ ਅਧਾਰ ਜਿਆਦਾ ਲਾਹੌਰ-ਲਾਇਲਪੁਰ ਇਲਾਕੇ ਤੇ ਹਿੰਦੀ ਭਾਸ਼ੀ ਇਲਾਕੇ ਵਿੱਚ ਸੀ,ਪਰ ਭਗਤ ਸਿੰਘ ਦੀ ਮਕਬੂਲੀਅਤ ਮਾਲਵੇ  ਵਿੱਚ ਵਧੇਰੇ ਹੈ । ਹੁਣ ਲਾਹੌਰ ਸਾਜ਼ਿਸ਼ ਕੇਸ ਦੇ ਦਸਤਾਵੇਜ਼ ਰਾਣਾ ਭਗਵਾਨ ਦਾਸ, ਸਾਬਕਾ ਚੀਫ ਜਸਟਿਸ ਪਾਕਿਸਤਾਨ ਸੁਪ੍ਰੀਮ ਕੋਰਟ ਵਲੋਂ ਹਿੰਦੁਸਤਾਨ ਨੂੰ ਸੌਂਪਣ ਬਾਅਦ ਤੇ ਇਨਾਂ ਦਾ ਕੁਝ ਹਿੱਸਾ ਮਾਲਵਿੰਦਰਜੀਤ ਸਿੰਘ ਵੜੈਚ ਹੁਰਾਂ ਵਲੋਂ ਸੰਪਾਦਤ  ਕਰਕੇ ਛਾਪਣ ਮਗਰੋਂ ਆਖਿਰ ਪਟਿਆਲਾ ਵਿਖੇ ਉਸ ਵੇਲੇ ਭਗਤ ਸਿੰਘ ਦੇ ਸ਼ਰਧਾਲੂ ਹੋਣ ਤੇ ਉਸ ਦੇ ਬੁਲਾਵੇ ਤੋਂ ਕੁਝ ਵੀ ਕਰਨ ਵਾਲੇ ਸੱਜਣ ਦਾ ਪਰਸੰਗ ਲਭ ਪਿਆ ਹੈ। ਏਹ ਸੱਜਣ ਸੀ –ਤਾਰਾ ਸਿੰਘ ਨਿਰਮਲ , ਜਿਸ ਦੇ ਖ਼ਤ ਲਾਹੌਰ ਸਾਜ਼ਿਸ਼ ਕੇਸ ਦੇ 600 ਤੋਂ ਵੱਧ ਪੇਸ਼ ਦਸਤਾਵੇਜ਼ਾਂ ਵਿੱਚ ਸ਼ਾਮਲ ਹਨ। ਏਹ ਖ਼ਤ #ਭਗਤ ਸਿੰਘ ਨੂੰ ਫਾਂਸੀ# ਸੀਰੀਅਲ ਦੀਆਂ ਕਿਤਾਬਾਂ ਦੀ ਤੀਸਰੀ ਜਿਲਦ ਵਿੱਚ ਭਾਗ- 53-ਸਫਾ 326-30 - ਤੇ ਛਪੇ ਹਨ। ਇਸ ਹਿੱਸੇ ਦਾ ਸਿਰਲੇਖ ਹੈ-#ਬਾਬੂ ਸਿੰਘ ਦੇ ਖ਼ਤ ਅਤੇ  ਹੋਰ ਰਿਕਾਰਡ#-30 ਜਨਵਰੀ 1929 ਨੂੰ ਹੋਈ ਇਸ ਤਲਾਸ਼ੀ ਬਾਰੇ ਪੁਲਸ ਵਲੋਂ ਦਰਜ ਹੈ—#ਵਸੂਲੀ ਸੂਚੀ# –
      ਬਾਬੂ ਸਿੰਘ ਪੁਤਰ ਨਥਾ ਸਿੰਘ, ਜਾਤ ਆਹਲੂਵਾਲੀਆ ਪਟਿਆਲਾ ਰਾਜ ਦੇ ਥਾਣਾ ਪਿੱਪਲ ਦੇ ਵਾਸੀ ਦੇ  ਘਰ ਦੀ ਤਲਾਸ਼ੀ  ਹੇਠ ਲਿਖੇ ਆਦਮੀਆਂ ਦੀ ਹਾਜ਼ਰੀ (ਨਾਂ ਦਰਜ ਨਹੀਂ ਹਨ)ਵਿੱਚ ਲਈ ਗਈ ਅਤੇ ਹੇਠ ਲਿਖੀਆਂ ਵਸਤਾਂ ਉਥੋਂ ਬਰਾਮਦ ਹੋਣ ਤੇ ਪੁਲਸ ਨੇ ਆਪਣੇ ਕਬਜ਼ੇ ਵਿੱਚ ਲਈਆਂ:-
ਤਾਰੀਖ਼, 30 ਜਨਵਰੀ 1929.
1.1928 ਦੀ ਬੰਦ ਪਾਲ ਸਿੰਘ ਦੀ ਗੁਰਮੁਖੀ ਵਿੱਚ ਇੱਕ ਡਾਇਰੀ
2.ਨਥਾ ਸਿੰਘ ਵਲੋਂ ਭੇਜੇ ਉਰਦੂ ਵਿਚ ਦੋ ਪੋਸਟ ਕਾਰਡ
3.ਪੂਰਨ ਚੰਦ ਵਲੋਂ ਭੇਜਿਆ ਉਰਦੂ ਵਿੱਚ ਇੱਕ ਕਾਰਡ
4.ਤਾਰਾ ਸਿੰਘ ਵਲੋਂ ਗੁਰਮੁਖੀ ਵਿੱਚ ਭੇਜੇ ਤਿੰਨ  ਪੋਸਟ ਕਾਰਡ
5.ਤਾਰਾ ਸਿੰਘ ਵਲੋਂ ਗੁਰਮੁਖੀ ਵਿੱਚ ਭੇਜਿਆ ਇੱਕ ਲਿਫਾਫਾ
     ਤਾਰਾ ਸਿੰਘ ਵਲੋਂ ਭੇਜੇ ਏਹ ਖ਼ਤ ਬੜੇ ਦਿਲਚਸਪ ਤੇ ਜਾਣਕਾਰੀ ਭਰਪੂਰ ਹਨ। ਪਰ ਵੜੈਚ ਸਾਹਿਬ ਅਨੁਸਾਰ ਪਾਕਿਸਤਾਨ ਤੋਂ ਜੋ ਰਿਕਾਰਡ ਆਇਆ,ਉਹ ਅੰਗਰੇਜ਼ੀ ਵਿੱਚ ਟਾਇਪ ਕੀਤਾ ਆਇਆ ਤੇ ਉਸ ਵਿੱਚ ਮੂਲ ਭਾਸ਼ਾ ਵਿੱਚ ਕੁਝ ਵੀ ਨਹੀਂ ਆਇਆ।ਅਦਾਲਤ ਵਿੱਚ ਬਰਤਾਨਵੀ ਅਫਸਰਾਂ ਵਲੋਂ ਜੋ ਅੰਗਰੇਜ਼ੀ ਤਰਜਮਾ ਪੇਸ਼ ਕੀਤਾ ਗਿਆ,ਉਹੋ ਰਿਕਾਰਡ ਆਇਆ ਹੈ। ਸੋ ਇਥੇ ਉਲਟਾ ਤਰਜਮਾ ਹੈ, ਮੂਲ ਪੰਜਾਬੀ ਦੇ ਅੰਗਰੇਜ਼ੀ ਤਰਜਮੇ ਤੋਂ ਮੁੜ ਪੰਜਾਬੀ ਵਿੱਚ ਕੀਤਾ ਤਰਜਮਾ, ਪਰ ਇਤਿਹਾਸਿਕ ਪਖੋਂ ਏਹ ਜ਼ਰੂਰੀ ਹੈ ਕਿ ਉਨਾ ਦਿਨਾਂ ਦੇ ਪਟਿਆਲੇ ਦੇ ਯੋਗਦਾਨ ਨੂੰ ਇਸ ਅਣਚਾਹੇ  ਤਰਜਮੇ ਰਾਹੀਂ ਹੀ ਪਛਾਣਿਆ ਜਾਵੇ ।
     ਤਾਰਾ ਸਿੰਘ ਨੇ ਬਾਬੂ ਸਿੰਘ ਨੂੰ ਲਾਹੌਰ ਦੇ ਪਤੇ ਤੇ ਖ਼ਤ ਲਿਖਿਆ, ਜੋ ਉਥੇ ਆਜ਼ਾਦੀ ਲਹਿਰ ਦੇ ਕਾਂਗਰਸ ਦੇ ਕਾਰਕੁਨ ਸਨ। ਖ਼ਤ ਇਸ ਤਰਾਂ ਹੈ—
  ਮੇਰੇ ਪਿਆਰੇ ਸਰਦਾਰ ਬਾਬੂ ਸਿੰਘ,
       ਸਤਕਾਰ ,ਮੈਂ ਇਥੇ ਠੀਕ ਹਾਂ ਅਤੇ ਉਮੀਦ ਹੈ ਤੁਸੀਂ ਵੀ ਉਥੇ ਠੀਕ ਹੋ। ਹੁਣ ਮੇਰਾ ਬੁਖਾਰ ਉਤਰ ਗਿਆ ਹ। ਤੁਸੀਂ ਇਸ ਬਾਰੇ ਫਿਕਰ ਨਾ ਕਰੋ। ਮੈਂ ਬੜੇ ਪਿਆਰ ਨਾਲ ਤੁਹਾਡਾ ਖ਼ਤ ਪੜ੍ਹਿਆ ਹੈ। ਮੈਂ ਤੁਹਾਨੂੰ ਉਥੇ ਮੈਨੇਜਰ ਹੋਣ ਨੂੰ ਦਿਖਾਓਨ ਲਈ ਵਧਾਈ ਦਿੰਦਾ ਹਾਂ।    ਮੈਂ ਤੁਹਾਨੂੰ ਆਪਣਾ ਮਦਦਗਾਰ ਸਮਝਦਾ ਹਾਂ ਕਿਉਂਕਿ ਤੁਸੀਂ ਮੇਰੀ ਹਰ ਮੌਕੇ ਮਦਦ ਕਰਦੇ ਹੋ। ਮੈਨੂੰ ਤੁਹਾਨੂੰ ਏਹ ਲਿਖਣਾ ਤਾਂ ਨਹੀਂ ਚਾਹੀਦਾ ਸੀ, ਪਰ ਲਿਖ ਰਿਹਾ ਹਾਂ ਕਿ ਮੇਰੇ ਕੋਲ ਨਾ ਪੰਜ ਪੈਸੇ ਹਨ ਨਾ ਜੁੱਤੀ। ਮੈਂ ਤਾਂ ਵਾਹੇਗੁਰੁ ਤੇ ਨਿਰਭਰ ਹਾਂ। ਮੈਂ ਸੰਸਕ੍ਰਿਤ ਪੜ੍ਹਨੀ ਸ਼ੁਰੂ ਕਰ ਦਿਤੀ ਹੈ। ਮੇਹਰਬਾਨੀ ਕਰਕੇ ਦੱਸੋ ਕਿ ਤੁਸੀਂ ਕੀ ਚਾਹੁੰਦੇ ਹੋ। ਏਥੇ ਮੈਨੂੰ ਕੋਈ ਅਖ਼ਬਾਰ ਨਹੀਂ ਮਿਲਦਾ, ਜਿਸਨੂੰ ਪੜ੍ਹ ਕੇ ਮੈਨੂੰ ਮੁਲਕ ਦੇ ਹਾਲਾਤ ਦਾ ਪਤਾ ਚਲ ਜਾਵੇ। ਇਥੇ ਰਹ ਰਹੇ ਵਿਦਿਆਰਥੀਆਂ ਦੇ ਮਨ ਤੇ ਅਸਰ ਅੰਦਾਜ਼ ਹੋਣਾ ਜ਼ਰੂਰੀ ਹੈ। ਇਥੇ ਕਾਫੀ ਲੋਕ ਰਹਿੰਦੇ ਹਾਂ। ਮੈਂ ਪਹਲਾਂ ਵੀ ਤੁਹਾਨੂੰ ਦਰਖਾਸਤ ਕੀਤੀ ਸੀ ਕਿ ਮੈਨੂੰ ਇਥੇ ਹਿੰਦੀ ਅਤੇ ਉਰਦੂ ਵਿੱਚ ਕਿਰਤੀ ਅਖ਼ਬਾਰ ਦੀਆਂ ਕਾਪੀਆਂ ਭੇਜੋ, ਕਿਉਂਕਿ ਇਥੇ ਪਰਚਾਰ ਬੜਾ ਘੱਟ ਹੈ।ਜੋ ਕੋਸ਼ਿਸ਼ਾਂ ਤੁਸੀਂ ਪੰਜਾਬ ਵਿੱਚ ਕਰ ਰਹੇ ਹੋ, ਇਥੇ ਕਰਨੀਆਂ ਚਾਹੀਦੀਆਂ ਹਾਂ। ਸਾਨੂੰ ਆਪਣਾ ਸਾਰਾ ਜ਼ੋਰ ਇਸ ਜਗਾਹ ਤੇ ਲਾਉਣਾ ਚਾਹੀਦਾ ਹੈ। ਤੁਸੀਂ ਜੋ ਠੀਕ ਸਮਝੋ ਕਰੋ।
ਤੁਹਾਡਾ ਹਿਤੂ,
ਤਾਰਾ ਸਿੰਘ , ਸੰਸਕ੍ਰਿਤ ਪਾਠਸ਼ਾਲਾ
ਪੋਸਟ ਕਾਰਡ ਤੇ ਲਿਖਿਆ ਪਤਾ-  ਸਰਦਾਰ ਬਾਬੂ ਸਿੰਘ, ਮੈਨੇਜਰ ਕੌਮੀ ਬੀ॰ਏ॰   , ਗੁਰਦੁਆਰਾ ਬਾਵਲੀ ਸਾਹਿਬ ਡੱਬੀ ਬਾਜ਼ਾਰ, ਲਾਹੌਰ
     27-12-1928 ਨੂੰ ਪਟਿਆਲੇ ਤੋਂ ਲਿਖਿਆ ਇੱਕ ਛੋਟਾ ਖ਼ਤ ਹੈ-
ਮੇਰੇ ਪਿਆਰੇ ਬਾਬੂ ਸਿੰਘ,
 ਸਤਕਾਰ । ਮੈਂ ਇਥੇ  ਬਿਲਕੁਲ ਠੀਕ ਹਾਂ ਅਤੇ ਤੁਹਾਨੂੰ ਵੀ ਉਥੇ ਇਵੇਂ ਹੀ ਲੋਚਦਾ ਹਾਂ। ਮੈਂ ਇਥੇ ਪਟਿਆਲੇ ਕਿਸੇ ਖ਼ਾਸ ਕੰਮ ਲਈ ਆਇਆ ਹਾਂ ਇਸ ਕਰਕੇ ਮੈਨੂੰ ਹੇਠ ਲਿਖੇ ਪਤੇ ਤੇ ਖ਼ਤ ਭੇਜਣਾ। ਸਰਦਾਰ ਸਾਹਿਬ(ਭਗਤ ਸਿੰਘ) ਨੂੰ ਮੇਰਾ ਸਤਕਾਰ।
ਤੁਹਾਡਾ ਹਿਤੂ,
ਤਾਰਾ ਸਿੰਘ – ਪਤਾ-ਤਾਰਾ  ਸਿੰਘ, ਧਰਮ ਧਜਾਂ , ਨਿਰਲ ਖਾਰਾ , ਤੋਪਖ਼ਾਨਾ ਗੇਟ , ਪਟਿਆਲਾ
ਪੋਸਟ ਕਾਰਡ ਤੇ ਪਤਾ—ਸਰਦਾਰ ਬਾਬੂ ਸਿੰਘ, ਸੂਬਾ ਕਾਂਗਰਸ ਕਮੇਟੀ  ਦਫਤਰ, ਬਰੇਡਲੇ ਹਾਲ, ਲਾਹੌਰ

ਤੀਸਰਾ ਬਿਨਾਂ ਤਾਰੀਖ਼ ਦਾ ਕੁਝ ਲੰਬਾ ਖ਼ਤ ਜਿਆਦਾ ਮਹਤਵਪੂਰਨ ਹੈ
ਮੇਰੇ ਪਿਆਰੇ ਬਾਬੂ ਸਿੰਘ,
ਸਤਕਾਰ। ਮੈਂ ਇਥੇ ਬਿਲਕੁਲ ਠੀਕ ਹਾਂ ਤੇ ਉਥੇ ਤੁਹਾਡੇ ਵੀ ਇੰਜ ਹੋਣ ਦੀ ਉਮੀਦ ਕਰਦਾ ਹਾਂ।ਮੈਂ ਬੁਖਾਰ ਕਰਕੇ ਕਾਫੀ ਕਮਜ਼ੋਰ  ਹੋ ਗਿਆ ਹਾਂ, ਮੈਨੂੰ ਤਿੰਨ ਵਾਰੀ ਟੀਕੇ ਲੱਗੇ। ਇਸਲਈ ਮੇਰੇ ਕੋਲ ਜੋ ਵੀ ਪੈਸੇ ਸਨ ਸਾਰੇ ਖ਼ਰਚ ਹੋ ਗਏ। ਜਦੋਂ ਹੀ ਮੈਨੂੰ ਪੈਸੇ ਮਿਲਣਗੇ, ਮੈਂ ਤੁਹਾਨੂੰ ਭੇਜ ਦਿਆਂਗਾ ।ਮੇਹਰਬਾਨੀ ਕਰਕੇ ਭਗਤ ਸਿੰਘ ਨੂੰ ਮਿਲਣਾ ਤੇ ਮੇਰੇ ਨਾਂ ਕਿਰਤੀ ਅਖ਼ਬਾਰ ਜਾਰੀ ਕਰਵਾ ਦੇਣਾ। ਏਹ ਨਾ ਸੋਚਣਾ ਕਿ ਮੈਂ ਪੈਸੇ ਨਹੀਂ ਭੇਜਾਂਗਾ । ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹੋਵਾਂਗਾ । ਮੇਰੇ ਪਿਆਰੇ ਦੋਸਤ, ਮੈਂ ਸੁਣਿਆ ਹੈ ਕਿ ਲਾਲਾ ਲਾਜਪਤ ਰਾਏ ਗੁਜ਼ਰ ਗਏ ਹਨ। ਮੈਂ ਉਨਾ ਦੇ ਚਲਾਣੇ ਤੇ ਦਿਲੀ ਦੁਖ ਦਾ ਇਜ਼ਹਾਰ ਕਰਦਾ ਹਾਂ। ਇਸ ਨਾਲ ਹਿੰਦੁਸਤਾਨ ਦਾ ਬੜਾ ਭਾਰੀ ਨੁਕਸਾਨ ਹੋਇਆ ਹੈ। ਅਜੇਹੇ ਆਦਮੀ ਮਿਲਣੇ ਬੜੇ ਮੁਸ਼ਕਲ ਹਨ। ਹਿੰਦੁਸਤਾਨ ਪਹਿਲਾਂ ਹੀ ਹਨੇਰੇ ਵਿੱਚ ਹੈ। ਹੁਣ ਅਜੇਹੇ ਲੀਡਰ ਦੀ ਮੌਤ ਨਾਲ ਕੀ ਹਨੇਰਾ ਘਟ ਸਕਦਾ ਹੈ? ਹਿੰਦੁਸਤਾਨ ਬੜਾ ਬਦਕਿਸਮਤ ਹੈ। ਅਜੇਹੇ ਲੀਡਰ ਦੀ ਮੌਤ ਤੋਂ ਬਾਦ ਕੌਣ ਮੁਲਕ ਦੀ ਅਗਵਾਈ ਕਰੇਗਾ ਤੁਸੀਂ ਮੈਨੂੰ ਲਿਖਿਆ ਸੀ ਕਿ ਮੈਂ ਆਪਣਾ ਪਤਾ ਪ੍ਰਿੰਸੀਪਲ ਨੂੰ ਭੇਜ ਦੇਵਾਂ। ਏਹ ਕਰਨ ਦਾ ਕੀ ਫਾਇਦਾ?ਮੇਹਰਬਾਨੀ ਕਰਕੇ ਆਪਣਾ ਪੂਰਾ ਪਤਾ ਤੇ ਮਾਹਵਾਰੀ ਵਜ਼ੀਫੇ ਦੀ ਰਕਮ ਲਿਖਣਾ।ਮੈਂ ਹੇਠਾਂ ਤੁਹਾਡਾ ਨਾਂ ਲਿਖ ਕੇ ਕਾਲਜ ਨੂੰ ਭੇਜ ਦਿਆਂਗਾ । ਏਹ ਕੰਮ ਜ਼ਰੂਰ ਕਰ ਦੇਣਾ।  ਸਰਦਾਰਜੀ(ਭਗਤ ਸਿੰਘ) ਨੂੰ ਮੇਰਾ ਸਤਕਾਰ ਕਹਿਣਾ ।  ਮੇਹਰਬਾਨੀ ਕਰਕੇ ਉਹ ਮੈਥੋਂ ਜੋ ਵੀ ਕੰਮ ਚਾਹੁਣ,ਜ਼ਰੂਰ ਦਸਣਾ। ਮੈਂ ਉਸੇ ਵੇਲੇ ਤੁਹਾਡੇ ਕੋਲ ਆ ਜਾਵਾਂਗਾ। ਮੈਂ ਅਖ਼ਬਾਰ ਬਾਰੇ ਜੋ ਤੁਹਾਨੂੰ ਕਿਹਾ ਹੈ, ਉਹ ਨਾ ਭੁਲਣਾ। ਏਹ ਜ਼ਰੂਰ ਦੇਖਣਾ ਕਿ ਮੈਥੋਂ ਰਿਆਯਤੀ ਚੰਦਾ ਲੈ ਲੈਣ। ਮੈਂ ਤੁਹਾਨੂੰ ਜਿਨੇ ਪੈਸੇ ਉਹ(ਭਗਤ ਸਿੰਘ) ਕਹਿਣ, ਭੇਜ ਦਿਆਂਗਾ। ਮੇਹਰਬਾਨੀ ਕਰਕੇ ਕੁਝ ਖ਼ਾਸ ਗਲ ਹੋਵੇ ਤਾਂ ਮੈਨੂੰ ਲਿਖਦੇ ਰਹਿਣਾ। ਮੇਰਾ ਖਿਆਲ ਹੈ ਕਿ ਤੁਹਾਨੂੰ ਇਥੇ ਪਰਚਾਰ ਕਰਨਾ ਚਾਹੀਦਾ ਹੈ। ਜੇ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ।
ਤੁਹਾਡਾ ਹਿਤੁ,
ਤਾਰਾ  ਸਿੰਘ

            ਤਾਰਾ ਸਿੰਘ ਦੇ ਇਨਾਂ ਖ਼ਤਾਂ ਤੋਂ ਜੋ ਖ਼ਾਸ ਗਲਾਂ ਸਾਮਣੇ ਆਓਂਦੀਆਂ ਹਨ, ਉਹ ਕਿ, ਭਗਤ ਸਿੰਘ ਦੀ ਸ਼ਖਸ਼ੀਅਤ ਦਾ ਦੂਰ ਦੂਰ ਤੱਕ ਨੌਜਵਾਨਾਂ ਤੇ ਕਿਵੇਂ ਅਸਰ ਹੁੰਦਾ ਸੀ। ਕਿਰਤੀ ਮੈਗਜ਼ੀਨ ਦਾ ਅਸਰ ਵੀ ਪਤਾ ਲਗਦਾ ਹੈ ਤੇ ਭਗਤ ਸਿੰਘ ਦੇ ਉਸ ਨਾਲ ਡੂੰਘੇ ਤੌਰ ਤੇ ਜੁੜੇ ਹੋਣ ਦਾ ਵੀ, ਜਿਸ ਵਿੱਚ ਉਨਾ ਕਈ ਲੇਖ ਉਰਦੂ ਤੇ ਪੰਜਾਬੀ ਵਿੱਚ ਲਿਖੇ।
     ਚੰਗਾ ਹੋਵੇ ਸੰਸਕ੍ਰਿਤ ਪਾਠਸ਼ਾਲਾ ਪਟਿਆਲਾ  ਤੇ ਤਾਰਾ ਸਿੰਘ ਨਿਰਮਲ ਦੇ  ਆਜ਼ਾਦੀ ਸੰਗਰਾਮ  ਦੌਰਾਨ ਰੋਲ ਬਾਰੇ ਹੋਰ ਤਥ ਸਾਮਣੇ ਲਿਆਂਦੇ ਜਾਣ। ਬਾਬੂ ਸਿੰਘ ਦੇ ਕਾਂਗਰਸ ਨਾਲ ਜੁੜੇ ਹੋਣ ਤੇ ਕਾਂਗਰਸ ਅੰਦਰ ਵੀ ਭਗਤ ਸਿੰਘ ਦੇ ਅਸਰ ਦਾ ਪਤਾ ਇਨਾਂ ਖ਼ਤਾਂ ਤੋਂ ਲਗਦਾ ਹੈ। ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਖੁਦ ਕਾਂਗਰਸ ਦੇ ਸਿਰਕਢ ਕਾਰਕੁਨ ਸਨ ਤੇ ਭਗਤ ਸਿੰਘ ਦੇ ਜੇਲ ਤੋਂ ਬਹੁਤੇ ਖ਼ਤ ਬ੍ਰੈਡਲੇ ਹਾਲ ਲਾਹੌਰ ਦੇ ਪਤੇ ਤੇ ਹੀ ਭੇਜੇ ਗਏ ਹਨ, ਜੋ ਉਨੀ ਦਿਨੀਂ  ਪੰਜਾਬ ਕਾਂਗਰਸ ਦਾ ਮੁੱਖ ਦਫਤਰ ਸੀ।
ਡਾ॰ ਚਮਨ ਲਾਲ
Visiting Professor, The University of the West Indies, Trinidad & Tobago
Email-prof.chaman@gmail.com  Mob. 1868-3692687

Wednesday 23 March 2011

Shaheed Bhagat Singh Chowk Lahore