Saturday 6 April 2019

ਸ਼ਹੀਦ ਭਗਤ ਸਿੰਘ ਦੇ ਖ਼ਤ ਅਤੇ ਸ਼ਰਧਾਂਜਲੀ

ਸ਼ਹੀਦ ਭਗਤ ਸਿੰਘ ਦੇ ਖ਼ਤ ਅਤੇ ਸ਼ਰਧਾਂਜਲੀ

Posted On March - 24 - 2019

ਚਮਨ ਲਾਲ*

ਭਗਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਲਿਖਿਆ ਗਿਆ ਇਕ ਖ਼ਤ। (ਪੰਜਾਬ ਆਰਕਾਈਵਜ਼, ਲਾਹੌਰ)
ਸ਼ਹੀਦ ਭਗਤ ਸਿੰਘ ਦੀਆਂ ਉਪਲੱਬਧ ਲਿਖਤਾਂ ਵਿਚੋਂ ਪਹਿਲੀਆਂ 1918 ਦੀਆਂ ਹਨ, ਜਦੋਂ ਉਹ 11 ਸਾਲਾਂ ਦਾ ਸੀ। ਇਹ ਉਸ ਵੱਲੋਂ ਆਪਣੇ ਦਾਦਾ ਤੇ ਚਾਚੀ ਹਰਨਾਮ ਕੌਰ ਨੂੰ ਉਰਦੂ ਅਤੇ ਪੰਜਾਬੀ ਵਿਚ ਲਿਖੇ ਪੋਸਟਕਾਰਡ ਹਨ। ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਦੇ ਸੰਗ੍ਰਹਿ 1970 ਦੇ ਦਹਾਕੇ ਵਿਚ ਪ੍ਰਕਾਸ਼ਿਤ ਹੋਣੇ ਸ਼ੁਰੂ ਹੋਏ ਜਿਨ੍ਹਾਂ ਵਿਚੋਂ ਤਾਜ਼ਾਤਰੀਨ ਸੰਗ੍ਰਹਿ ਉਰਦੂ ਅਤੇ ਮਰਾਠੀ ਭਾਸ਼ਾਵਾਂ ਵਿਚ ਆਇਆ ਹੈ। ਇਨ੍ਹਾਂ ਵਿਚ ਸ਼ਹੀਦ ਭਗਤ ਸਿੰਘ ਦੇ 53 ਖ਼ਤਾਂ ਸਮੇਤ 125 ਰਚਨਾਵਾਂ ਸ਼ਾਮਲ ਹਨ। ਭਗਤ ਸਿੰਘ ਦੀਆਂ ਉਪਲੱਬਧ ਰਚਨਾਵਾਂ ਵਿਚ 2017-18 ਵਿਚ ਪੰਜ ਖ਼ਤ ਹੋਰ ਜੁੜ ਗਏ ਹਨ। ਇਸ ਤਰ੍ਹਾਂ ਜੇਲ੍ਹ ਡਾਇਰੀ ਤੋਂ ਇਲਾਵਾ ਉਸ ਦੀਆਂ ਰਚਨਾਵਾਂ ਹੁਣ 130 ਹੋ ਗਈਆਂ ਹਨ।
ਭਗਤ ਸਿੰਘ ਦੀਆਂ ਲਿਖਤਾਂ ਦੀ ਤਲਾਸ਼ ਦੌਰਾਨ ਮੈਨੂੰ ਉਸ ਦੇ ਮੁਕੱਦਮੇ ਦੇ ਦਸਤਾਵੇਜ਼ਾਂ ਵਿਚ ਉਸ ਦੇ ਪੰਜ ਖ਼ਤ ਮਿਲੇ। ਇਹ ਦਸਤਾਵੇਜ਼ ਐਮ.ਜੇ. ਵੜੈਚ ਨੇ ਸੰਪਾਦਿਤ ਕੀਤੇ ਹਨ। ਇਨ੍ਹਾਂ ਨੂੰ ‘ਦਿ ਟ੍ਰਿਬਿਊੁਨ’ ਨੇ 2007 ਵਿਚ ਪ੍ਰਕਾਸ਼ਿਤ ਕੀਤਾ। ਇਨ੍ਹਾਂ ਦਾ ਹਿੰਦੀ ਅਨੁਵਾਦ ਮਈ-ਜੂਨ, 2007 ਵਿਚ ਪ੍ਰਕਾਸ਼ਿਤ ਹੋਇਆ। ਇਸ ਤੋਂ ਅਗਲੇ ਸਾਲ ਸੁਪਰੀਮ ਕੋਰਟ ਦੇ ਨਵੇਂ ਉਸਾਰੇ ਮਿਊਜ਼ੀਅਮ ਵਿਚ ‘ਭਗਤ ਸਿੰਘ ਦਾ ਮੁਕੱਦਮਾ’ ਸਿਰਲੇਖ ਨਾਲ ਨੁਮਾਇਸ਼ ਲੱਗੀ। ਇਸ ਵਿਚ ਮੈਨੂੰ ਭਗਤ ਸਿੰਘ ਦੇ ਦਸ ਹੋਰ ਖ਼ਤ ਮਿਲ ਗਏ। ਸੁਪਰੀਮ ਕੋਰਟ ਨੇ ਮੈਨੂੰ ਨੁਮਾਇਸ਼ ਦੀ ਡਿਜੀਟਲ ਕਾਪੀ ਮੁਹੱਈਆ ਕਰਵਾਈ ਤੇ ਸਮੱਗਰੀ ਨੂੰ ‘ਧੰਨਵਾਦ ਸਹਿਤ’ ਹਵਾਲੇ ਨਾਲ ਛਾਪਣ ਦੀ ਇਜਾਜ਼ਤ ਵੀ ਦੇ ਦਿੱਤੀ। ਇਹ ਦਸ ਖ਼ਤ 15 ਅਗਸਤ 2011 ਨੂੰ ‘ਦਿ ਹਿੰਦੂ’ ਵਿਚ ਅਤੇ ਹਿੰਦੀ ਵਿਚ ਅਕਤੂਬਰ 2011 ਵਿਚ ਪ੍ਰਕਾਸ਼ਿਤ ਹੋਏ। ਨਾਲ ਹੀ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਦੀਆਂ ਉਹ ਫੋਟੋਆਂ ਵੀ ਪ੍ਰਕਾਸ਼ਿਤ ਹੋਈਆਂ ਜੋ 12 ਅਪਰੈਲ 1929 ਨੂੰ ਲਾਹੌਰ ਦੇ ‘ਵੰਦੇ ਮਾਤਰਮ’ ਵਿਚ ਛਪੀਆਂ ਸਨ।
ਭਗਤ ਸਿੰਘ ਦਾ ਇਕ ਖ਼ਤ ਮੈਨੂੰ 2013 ਵਿਚ ਮਿਲਿਆ। ਮੂਲ ਖ਼ਤ ਅੰਗਰੇਜ਼ੀ ਵਿਚ ਸੀ, ਜੋ ਮਿਲਿਆ ਉਹ ਉਸ ਦਾ ਹਿੰਦੀ ਅਨੁਵਾਦ ਸੀ। ਇਸ ਦਾ ਫਿਰ ਅੰਗਰੇਜ਼ੀ ਅਨੁਵਾਦ ਕੀਤਾ ਗਿਆ। ਹਿੰਦੀ ਅਤੇ ਅੰਗਰੇਜ਼ੀ ਦੋਵੇਂ ਰੂਪ 23 ਮਾਰਚ 2014 ਨੂੰ ‘ਦਿ ਹਿੰਦੂ’ (ਐਤਵਾਰੀ ਮੈਗਜ਼ੀਨ) ਵਿਚ ਛਪੇ।
ਫਾਂਸੀ ਚੜ੍ਹਨ ਤੋਂ ਕੁਝ ਦਿਨ ਪਹਿਲਾਂ ਭਗਤ ਸਿੰਘ ਨੇ ਆਪਣੀਆਂ ਲਿਖਤਾਂ ਨੂੰ ਮਹਿਫ਼ੂਜ਼ ਹੱਥਾਂ ਵਿਚ ਸੌਂਪਣ ਦੀ ਚੌਕਸੀ ਵਰਤੀ ਸੀ। ਆਪਣੀ ਜੇਲ੍ਹ ਡਾਇਰੀ ਨੂੰ ਉਸ ਨੇ ਆਪਣੀਆਂ ਕੁਝ ਹੋਰ ਚੀਜ਼ਾਂ ਨਾਲ ਛੋਟੇ ਭਰਾ ਕੁਲਬੀਰ ਸਿੰਘ ਨੂੰ ਸੌਂਪ ਦਿੱਤਾ। ਉਸ ਦੀ ਬਹੁਤੀ ਲੇਖਣੀ ਕਾਗਜ਼ ਦੇ ਖੁੱਲ੍ਹੇ ਵਰਕਿਆਂ ਉੱਤੇ ਸੀ। ਇਸ ਨੂੰ ਉਸ ਨੇ ਕੁਮਾਰੀ ਲੱਜਾਵਤੀ ਨੂੰ ਸੌਂਪ ਦਿੱਤਾ ਸੀ। ਉਹ ਭਗਤ ਸਿੰਘ ਦੀ ਬਚਾਅ ਕਮੇਟੀ ਦੀ ਸਕੱਤਰ ਸੀ ਅਤੇ ਤਿੰਨਾਂ ਇਨਕਲਾਬੀਆਂ (ਭਗਤ ਸਿੰਘ, ਰਾਜਗੁਰੂ, ਸੁਖਦੇਵ) ਦੀ ਜ਼ਿੰਦਗੀ ਬਚਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਕਾਂਗਰਸ ਪ੍ਰਧਾਨ ਜਵਾਹਰ ਲਾਲ ਨਹਿਰੂ ਨੂੰ ਰਿਪੋਰਟ ਕਰਦੀ ਸੀ। ਭਗਤ ਸਿੰਘ ਨੇ ਉਸ ਨੂੰ ਆਖਿਆ ਸੀ ਕਿ ਇਹ ਦਸਤਾਵੇਜ਼ ਲਾਹੌਰ ਸਾਜ਼ਿਸ਼ ਕੇਸ ਵਿਚ ਅੰਡੇਮਾਨ (ਕਾਲੇਪਾਣੀ) ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਉਸ ਦੇ ਇਨਕਲਾਬੀ ਸਾਥੀ ਵਿਜੇ ਕੁਮਾਰ ਸਿਨਹਾ ਨੂੰ ਦੇ ਦਿੱਤੇ ਜਾਣ।
ਕੁਮਾਰੀ ਲੱਜਾਵਤੀ ਪੇਸ਼ੇ ਤੋਂ ਅਧਿਆਪਕਾ ਸੀ ਤੇ ਬਾਅਦ ਵਿਚ ਕੇ.ਐੱਮ.ਵੀ. ਕਾਲਜ, ਜਲੰਧਰ ਦੀ ਪ੍ਰੋਫ਼ੈਸਰ ਬਣੀ। ਉਸ ਨੇ ਇਹ ਦਸਤਾਵੇਜ਼ ਲਾਲਾ ਲਾਜਪਤ ਰਾਏ ਵੱਲੋਂ ਸਥਾਪਤ ਅੰਗਰੇਜ਼ੀ ਹਫ਼ਾਤਾਵਾਰੀ ‘ਦਿ ਪੀਪਲ’ ਦੇ ਸੰਪਾਦਕ ਫ਼ਿਰੋਜ਼ ਚੰਦ ਨੂੰ ਦੇ ਦਿੱਤੇ। ਇਨ੍ਹਾਂ ਵਿਚੋਂ ਭਗਤ ਸਿੰਘ ਦਾ ਲਿਖਿਆ ਕਾਫ਼ੀ ਕੁਝ ਅਗਲੇ ਦੋ-ਤਿੰਨ ਸਾਲ ਤੱਕ ‘ਦਿ ਪੀਪਲ’ ਵਿਚ ਛਪਦਾ ਰਿਹਾ। ਵਿਜੇ ਕੁਮਾਰ ਸਿਨਹਾ ਦੀ 1938 ਵਿਚ ਰਿਹਾਈ ਤੋਂ ਬਾਅਦ ਲੱਜਾਵਤੀ ਨੇ ਇਹ ਕਾਗਜ਼ਾਤ ਫ਼ਿਰੋਜ਼ ਚੰਦ ਤੋਂ ਲੈ ਕੇ ਸਿਨਹਾ ਨੂੰ ਸੌਂਪ ਦਿੱਤੇ। ਪਰ 1942 ਵਿਚ ਭਾਰਤ ਛੱਡੋ ਅੰਦੋਲਨ ਦੌਰਾਨ ਇਹ ਕਾਗਜ਼ ਤਬਾਹ ਹੋ ਗਏ। ਸਿਨਹਾ ਨੇ ਉਹ ਸੰਭਾਲਣ ਲਈ ਕਿਸੇ ਹੋਰ ਨੂੰ ਦੇ ਦਿੱਤੇ ਸਨ, ਪਰ ਉਸ ਵਿਅਕਤੀ ਨੇ ਅੰਦੋਲਨ ਦੌਰਾਨ ਸ਼ਾਇਦ ਅੰਗਰੇਜ਼ ਪੁਲੀਸ ਤੋਂ ਡਰਦਿਆਂ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ।
ਚਮਨ ਲਾਲ*
ਇਸ ਦੌਰਾਨ ਭਗਤ ਸਿੰਘ ਦੇ ਇਕ ਹੋਰ ਛੋਟੇ ਭਰਾ ਰਣਵੀਰ ਸਿੰਘ ਦੇ ਪਰਿਵਾਰਕ ਕਾਗਜ਼ਾਤ ਵਿਚੋਂ ਮੈਨੂੰ 2017-18 ਵਿਚ ਉਸ ਦੇ ਪੰਜ ਹੋਰ ਖ਼ਤ ਮਿਲ ਗਏ। ਰਣਵੀਰ ਸਿੰਘ ਨੇ ਭਗਤ ਸਿੰਘ ਦੀ ਇਕ ਹੋਰ ਜੀਵਨੀ ਉਰਦੂ ਵਿਚ ਲਿਖਣੀ ਸ਼ੁਰੂ ਕੀਤੀ ਸੀ, ਪਰ ਉਹ ਪੂਰੀ ਨਹੀਂ ਕਰ ਸਕਿਆ। ਉਸ ਦਾ ਪੁੱਤਰ ਸ਼ਿਵਨੈਣ ਸਿੰਘ ਭਾਰਤੀ ਫ਼ੌਜ ਵਿਚ ਸੇਵਾ ਕਰਦਾ ਸੀ ਜੋ ਮੇਜਰ ਜਨਰਲ ਬਣ ਕੇ ਸੇਵਾਮੁਕਤ ਹੋਇਆ। ਉਹ ਉਰਦੂ ਨਹੀਂ ਸੀ ਪੜ੍ਹ ਸਕਦਾ। ਇਸ ਤਰ੍ਹਾਂ ਉਸ ਨੇ ਆਪਣੇ ਪਿਤਾ ਵੱਲੋਂ ਲਿਖੇ ਤੇ ਸਾਂਭੇ ਕਾਗਜ਼ਾਤ ਆਪਣੇ ਇਕ ਵਾਕਫ਼ ਰਾਹੀਂ 2017 ਵਿਚ ‘ਖਟਕੜ ਕਲਾਂ ਭਗਤ ਸਿੰਘ ਯਾਦਗਾਰੀ ਮਿਊਜ਼ੀਅਮ’ ਹਵਾਲੇ ਕਰ ਦਿੱਤੇ। ਇਹ ਅਜਾਇਬਘਰ ਪੰਜਾਬ ਸਰਕਾਰ ਵੱਲੋਂ ਜਲੰਧਰ ਨੇੜੇ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਨਵਾਂਸ਼ਹਿਰ ਦੇ ਪਿੰਡ ਖਟਕੜ ਕਲਾਂ ਵਿਚ) ਸ਼ਹੀਦ ਭਗਤ ਸਿੰਘ ਦੇ ਪੁਰਖਿਆਂ ਦੇ ਘਰ ਵਿਖੇ ਬਣਾਇਆ ਗਿਆ ਹੈ। ਇਹ ਕਾਗਜ਼ਾਤ ਮੁੱਖ ਤੌਰ ’ਤੇ ਉਰਦੂ ਵਿਚ ਹਨ, ਪਰ ਪੰਜ ਚਿੱਠੀਆਂ ਅੰਗਰੇਜ਼ੀ ਵਿਚ ਹਨ। ਇਹ ਖ਼ਤ ਭਗਤ ਸਿੰਘ ਨੇ ਅੰਗਰੇਜ਼ ਅਫ਼ਸਰਾਂ ਨੂੰ ਲਿਖੇ ਸਨ, ਜਦੋਂ ਉਸ ਉੱਤੇ ਨਜ਼ਰ ਰੱਖੀ ਜਾ ਰਹੀ ਸੀ। ਦਿਲਚਸਪ ਗੱਲ ਇਹ ਹੈ ਕਿ 1926 ਵਿਚ 19 ਸਾਲ ਦੀ ਉਮਰ ਦੇ ਨੌਜਵਾਨ ਭਗਤ ਸਿੰਘ ਦੀ ਚਿੱਠੀ ਦਾ ਜਵਾਬ ਪੰਜਾਬ ਦੇ ਮੁੱਖ ਸਕੱਤਰ ਨੇ ਦਿੱਤਾ ਸੀ।
ਪੰਜਾਬ ਦੇ ਮੀਡੀਆ ਵਿਚ ਇਨ੍ਹਾਂ ਖ਼ਤਾਂ ਦਾ ਜ਼ਿਕਰ ਆਇਆ ਤਾਂ ਮੈਂ ਸ਼ਿਵਨੈਣ ਸਿੰਘ ਨਾਲ ਰਾਬਤਾ ਕਰ ਕੇ ਇਨ੍ਹਾਂ ਦੀਆਂ ਕਾਪੀਆਂ ਦੇਣ ਲਈ ਆਖਿਆ। ਉਸ ਨੇ ਆਪਣੇ ਕੋਲ ਵੀ ਇਨ੍ਹਾਂ ਦੀ ਕੋਈ ਨਕਲ ਨਹੀਂ ਸੀ ਰੱਖੀ। ਦੂਜੇ ਪਾਸੇ ਉਦੋਂ ਤਕ ਇਹ ਕਾਗਜ਼ਾਤ ਖਟਕੜ ਕਲਾਂ ਵੀ ਨਹੀਂ ਪੁੱਜੇ ਸਨ। ਪਰ ਉਨ੍ਹਾਂ ਨੇ ਟਾਈਪ ਕੀਤੇ ਹੋਏ ਇਨ੍ਹਾਂ ਖ਼ਤਾਂ ਦੀਆਂ ਕਾਪੀਆਂ ਮੈਨੂੰ ਭਿਜਵਾ ਦਿੱਤੀਆਂ। ਇਸ ਸਦਕਾ ਹੀ ਇਹ ਖ਼ਤ ਪਹਿਲਾਂ ਅੰਗਰੇਜ਼ੀ ਰਸਾਲੇ ‘ਫਰੰਟਲਾਈਨ’ (4 ਜਨਵਰੀ 2019) ਵਿਚ ਛਪੇ ਤੇ ਫਿਰ ਇਨ੍ਹਾਂ ਦਾ ਹਿੰਦੀ ਅਨੁਵਾਦ ਹੋਇਆ।
ਰਣਵੀਰ ਸਿੰਘ ਵੱਲੋਂ ਦਿੱਤੇ ਕਾਗਜ਼ਾਤ ਵਿਚ ਮਿਲੀ ਅੰਗਰੇਜ਼ੀ ਸਮੱਗਰੀ ਵਿਚ ਭਗਤ ਸਿੰਘ ਵੱਲੋਂ ਅੰਗਰੇਜ਼ ਅਫ਼ਸਰਾਂ ਨੂੰ ਲਿਖੇ ਪੰਜ ਖ਼ਤ ਹਨ। ਸਾਰੇ ਖ਼ਤ ਭਗਤ ਸਿੰਘ ਨੇ ਆਪਣੇ ਪਿਤਾ ਦੇ ਲੈਟਰਹੈੱਡ ਉੱਤੇ ਟਾਈਪ ਕੀਤੇ ਹਨ ਤੇ ਇਨ੍ਹਾਂ ਉੱਤੇ ਉਸ ਦੇ ਦਸਤਖ਼ਤ ਹਨ। ਅੰਗਰੇਜ਼ ਅਫ਼ਸਰਾਂ ਦੇ ਦੋ ਜਵਾਬ ਵੀ ਹਨ। ਇਨ੍ਹਾਂ ਪੰਜ ਖ਼ਤਾਂ ਵਿਚੋਂ ਤਿੰਨਾਂ ਵਿਚ ਭਗਤ ਸਿੰਘ ਨੇ 1926 ਵਿਚ ਆਪਣੀ ਡਾਕ ਨੂੰ ਸੈਂਸਰ ਕੀਤੇ ਜਾਣ ’ਤੇ ਰੋਹ ਪ੍ਰਗਟਾਇਆ ਹੈ। ਦੋ ਖ਼ਤ 1927 ਵਿਚ ਉਸ ਦੀ ਪਹਿਲੀ ਗ੍ਰਿਫ਼ਤਾਰੀ ਅਤੇ ਪੰਜ ਹਫ਼ਤੇ ਬਾਅਦ ਰਿਹਾਈ ਬਾਰੇ ਹਨ। ਇਸ ਸਿਲਸਿਲੇ ਵਿਚਲਾ ਇਕ ਖ਼ਤ ਉਪਲਬਧ ਨਹੀਂ ਜੋ ਉਸ ਨੇ 26 ਅਕਤੂਬਰ 1926 ਨੂੰ ਲਿਖਿਆ ਸੀ ਅਤੇ ਲਾਹੌਰ ਦੇ ਪੋਸਟਮਾਸਟਰ ਨੇ ਇਸ ਦਾ ਜਵਾਬ 30 ਅਕਤੂਬਰ 1926 ਨੂੰ ਦਿੱਤਾ ਸੀ। ਉਸ ਦੇ ਜਵਾਬ ਵਿਚ ਭਗਤ ਸਿੰਘ ਨੇ ਲਾਹੌਰ ਪੋਸਟਮਾਸਟਰ ਨੂੰ ਪਹਿਲੀ ਨਵੰਬਰ ਨੂੰ ਮੁੜ ਚਿੱਠੀ ਲਿਖੀ। ਇਹ ਖ਼ਤ ਇੰਝ ਸੀ:
ਵੱਲ
ਪੋਸਟਮਾਸਟਰ, ਲਾਹੌਰ
ਜਨਾਬ,
ਤੁਹਾਡਾ ਸ਼ੁਕਰੀਆ ਕਿ ਤੁਸੀਂ 30 ਅਕਤੂਬਰ 1926 ਨੂੰ ਖ਼ਤ ਨੰਬਰ ਡੀ 2850 ਲਿਖਣ ਦੀ ਦਿਆਨਤਦਾਰੀ ਕੀਤੀ। ਇਸ ਦੇ ਜਵਾਬ ਵਿਚ ਮੈਂ ਅਰਜ਼ ਕਰਨੀ ਚਾਹੁੰਦਾ ਹਾਂ ਕਿ ਮੈਂ ਖ਼ਤਾਂ ਦੇ ਲਿਫ਼ਾਫ਼ੇ ਤਾਂ ਮਿਲਦੇ ਸਾਰ ਹੀ ਪਾੜ ਦਿੰਦਾ ਹਾਂ, ਪਰ ਮੈਂ ਉਸ ਖ਼ਤ ਦਾ ਲਿਫ਼ਾਫ਼ਾ ਸਾਂਭ ਕੇ ਰੱਖ ਲਿਆ ਸੀ ਜਿਸ ਦਾ ਜ਼ਿਕਰ ਮੈਂ ਆਪਣੇ ਪਿਛਲੇ ਖ਼ਤ ਵਿਚ ਕੀਤਾ ਸੀ। ਉਸ ਨੂੰ ਮੈਂ ਇੱਥੇ ਨੱਥੀ ਕਰ ਰਿਹਾ ਹਾਂ। ਇਸ ਨੂੰ 13 ਅਕਤੂਬਰ ਨੂੰ ਬੰਬਈ ਵਿਚ ਪੋਸਟ ਕੀਤਾ ਗਿਆ ਸੀ। ਦੂਜਾ ਖ਼ਤ ਪੋਸਟ ਕੀਤੇ ਜਾਣ ਤੋਂ ਦੋ ਦਿਨ ਪਹਿਲਾਂ। ਪਰ ਦੋਵੇਂ ਖ਼ਤ 23 ਅਕਤੂਬਰ ਨੂੰ ਪਹੁੰਚੇ। ਇਹ ਕੋਈ ਅਸਾਧਾਰਨ ਗੱਲ ਨਹੀਂ ਸੀ। ਡਾਕ ਬਾਕਸੇ ਵਿਚ ਕੁਝ ਖ਼ਤ ਸਨ, ਜਿਨ੍ਹਾਂ ਉੱਤੇ ਪੁੱਜਣ ਦੀ ਮੋਹਰ ਲੱਗੀ ਸੀ। ਡਾਕ ਬਕਸੇ ਨੂੰ ਮੈਂ ਹੀ ਖ਼ਾਲੀ ਕੀਤਾ ਸੀ। ਦੁਪਹਿਰ 12 ਵਜੇ ਦੇ ਕਰੀਬ ਮੈਂ ਡਾਕ ਬਕਸਾ ਮੁੜ ਖੋਲ੍ਹਿਆ ਤਾਂ ਉਸ ਵਿਚ ਇਨ੍ਹਾਂ ਦੋ ਖ਼ਤਾਂ ਨਾਲ ਇਕ ਹੋਰ ਖ਼ਤ ਮਿਲਿਆ। ਇਨ੍ਹਾਂ ਵਿਚ ਕੋਈ ਵੀ ਅਸਾਧਾਰਨ ਗੱਲ ਨਹੀਂ ਸੀ।
‘ਪਰ ਮੈਂ ਮਹੀਨੇ ਦੋ ਮਹੀਨੇ ਤੋਂ ਦੇਖ ਰਿਹਾ ਹਾਂ ਕਿ ਮੇਰੇ ਨਾਮ ਆਏ ਸਾਰੇ ਖ਼ਤਾਂ ਉੱਤੇ ਦੁਬਾਰਾ ਮੋਹਰ ਲੱਗੀ ਹੁੰਦੀ ਹੈ।’ ਲਿਫ਼ਾਫ਼ੇ ਇਕੋ ਥਾਂ ਤੋਂ ਕੱਟੇ ਗਏ ਹੁੰਦੇ ਹਨ। ਜ਼ਾਹਰ ਹੈ ਕਿ ਇਸ ਤੋਂ ਮੈਨੂੰ ਸ਼ੱਕ ਹੋਇਆ। ਸ਼ੁਰੂ ਵਿਚ ਨਹੀਂ ਲੱਗਾ ਕਿ ਇਸ ਬਾਰੇ ਮੈਂ ਤੁਹਾਨੂੰ ਲਿਖਾਂ, ਪਰ ਇਹ ਦੋ ਖ਼ਤ ਮਿਲਣ ਤੋਂ ਬਾਅਦ ਲੱਗਾ ਕਿ ਮੈਨੂੰ ਜਾਨਣਾ ਚਾਹੀਦਾ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ। ਨੱਥੀ ਲਿਫ਼ਾਫ਼ਾ ਮੇਰੇ ਦੋਸ਼ਾਂ ਦਾ ਸੱਚਾਈ ਜਾਨਣ ਵਿਚ ਤੁਹਾਡੀ ਕੁਝ ਮੱਦਦ ਕਰੇਗਾ। ਪਰ ‘ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਮੇਰੇ ਪਹਿਲੇ ਖ਼ਤ ਦਾ ਸਾਫ਼ ਸਾਫ਼ ਜਵਾਬ ਦਿਉ ਕਿ ਕੀ ਮੇਰੇ ਖ਼ਤ ਖੋਲ੍ਹੇ ਅਤੇ ਇੰਟਰਸੈਪਟ ਕੀਤੇ ਜਾ ਰਹੇ ਹਨ? ਜੇ ਹਾਂ ਤਾਂ ਕਿਉਂ?’
ਇਕ ਗੱਲ ਤਾਂ ਤੈਅ ਜਾਪਦੀ ਹੈ ਤੇ ਉਹ ਇਹ ਕਿ ਇਹ ਖ਼ਤ ਸਿੱਧੇ ਮੇਰੇ ਕੋਲ ਨਹੀਂ ਪੁੱਜੇ। ਉਨ੍ਹਾਂ ਨੂੰ ਇਕ ਜਾਂ ਦੋ ਦਿਨ ਰੋਕ ਲਿਆ ਗਿਆ। ਇਹ ਲਿਫ਼ਾਫ਼ਾ ਇਸ ਮਾਮਲੇ ਵਿਚ ਤੁਹਾਡੀ ਮਦਦ ਕਰੇਗਾ।
ਸਹੀ
ਭਗਤ ਸਿੰਘ
ਇਸ ਤੋਂ ਬਾਅਦ ਭਗਤ ਸਿੰਘ ਨੇ 17 ਤੇ 26 ਨਵੰਬਰ ਨੂੰ ਪੰਜਾਬ ਸਰਕਾਰ, ਲਾਹੌਰ ਨੂੰ ਦੋ ਖ਼ਤ ਲਿਖੇ। ਇਹ ਦੋਵੇਂ ਖ਼ਤ ਉਸ ਦੀ ਡਾਕ ਖੋਲ੍ਹੇ ਤੇ ਦੇਖੇ ਜਾਣ ਬਾਰੇ ਸਨ। ਪਹਿਲੇ ਖ਼ਤ ਵਿਚ ਉਹ ਪੋਸਟਮਾਸਟਰ ਦੇ 16 ਨਵੰਬਰ ਦੇ ਖ਼ਤ ਦਾ ਜ਼ਿਕਰ ਕਰਦਾ ਹੈ (ਰਣਵੀਰ ਸਿੰਘ ਦੇ ਕਾਗਜ਼ਾਤ ਵਿਚ ਨਹੀਂ ਮਿਲਿਆ) ਜਿਸ ਵਿਚ ਉਸ ਨੂੰ ਦੱਸਿਆ ਗਿਆ ਸੀ ਕਿ ਉਸ ਦੇ ਖ਼ਤ ਪੰਜਾਬ ਸਰਕਾਰ ਦੇ ਹੁਕਮਾਂ ਉੱਤੇ ਖੋਲ੍ਹੇ ਜਾ ਰਹੇ ਸਨ।
ਪੰਜਾਬ ਸਰਕਾਰ ਤੋਂ ਕੋਈ ਜਵਾਬ ਨਾ ਮਿਲਿਆ ਤਾਂ 28 ਨਵੰਬਰ 1926 ਨੂੰ ਭਗਤ ਸਿੰਘ ਨੇ ਪੰਜਾਬ ਸਰਕਾਰ ਨੂੰ ਮੁੜ ਲਿਖਿਆ ਅਤੇ ਬਤੌਰ ਇਮਾਨਦਾਰ ਨਾਗਰਿਕ ਸਰਕਾਰ ਤੋਂ ਜਵਾਬ ਹਾਸਲ ਕਰਨ ਦੇ ਆਪਣੇ ਹੱਕ ਦਾ ਦਾਅਵਾ ਕੀਤਾ। ਪੰਜਾਬ ਸਰਕਾਰ ਨੂੰ 17 ਨਵੰਬਰ 1926 ਨੂੰ ਲਿਖੇ ਖ਼ਤ ਦਾ ਜਵਾਬ 27 ਨਵੰਬਰ 1926 ਨੂੰ ਪੰਜਾਬ ਦੇ ਮੁੱਖ ਸਕੱਤਰ ਐਚ.ਡੀ. ਕਰੈਕ ਵੱਲੋਂ ਦਿੱਤਾ ਗਿਆ। ਕਰੈਕ ਨੇ ਲਿਖਿਆ ਕਿ ਭਗਤ ਸਿੰਘ ਦੀ ਡਾਕ ਨੂੰ ਖੋਲ੍ਹਣ ਅਤੇ ਦੇਖਣ ਦਾ ਹੁਕਮ ਉਸ ਨੇ ਖ਼ੁਦ ਦਿੱਤਾ ਸੀ। ਇਸ 19 ਸਾਲ ਦੇ ਨੌਜਵਾਨ ਦੇ ਅਗਲੇ ਦੋ ਖ਼ਤ 29 ਮਈ 1927 ਨੂੰ ਆਪਣੀ ਪਹਿਲੀ ਗ੍ਰਿਫ਼ਤਾਰੀ ਅਤੇ 4 ਜੁਲਾਈ 1927 ਨੂੰ ਜ਼ਮਾਨਤ ਉੱਤੇ ਰਿਹਾਈ ਬਾਰੇ ਹਨ। ਇਸ ਵਿਚ ਉਸ ਨੇ ਆਪਣੀ ਗ੍ਰਿਫ਼ਤਾਰੀ ਅਤੇ ਮੈਂਬਰ ਵਿਧਾਨ ਪ੍ਰੀਸ਼ਦ ਡਾ. ਗੋਪੀ ਚੰਦ ਭਾਰਗਵ (ਜੋ ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਦਾ ਮੁੱਖ ਮੰਤਰੀ ਬਣਿਆ) ਵੱਲੋਂ ਜ਼ਮਾਨਤ ਬਾਰੇ ਪੰਜਾਬ ਅਸੈਂਬਲੀ ਵਿਚ ਪੁੱਛੇ ਗਏ ਸਵਾਲ ਦਾ ਜ਼ਿਕਰ ਕੀਤਾ ਹੈ।
ਇਸ ਸੰਦਰਭ ਵਿਚ ਮਈ 1929 ਦਾ ਖ਼ਤ ਪਹਿਲਾਂ ਹੀ ਉਪਲੱਬਧ ਸੀ। ਹੁਣ ਮਈ ਅਤੇ ਜੂਨ 1928 ਦੇ ਦੋ ਖ਼ਤ ਮਿਲੇ ਹਨ। ਇਸ ਸਿਲਸਿਲੇ ਦਾ ਆਖ਼ਰੀ ਖ਼ਤ ਮਿਲਿਆ ਹੈ 19 ਜੂਨ 1928 ਦਾ। ਇਹ ਪੰਜਾਬ ਸੀਆਈਡੀ, ਲਾਹੌਰ ਦੇ ਐੱਸਪੀ ਨੂੰ ਲਿਖਿਆ ਗਿਆ ਸੀ:
ਸ਼ਹਿਨਸ਼ਾਹੀ ਕੁਟੀਆ,
ਸੂਤਰਮੰਡੀ, 
ਲਾਹੌਰ 19.6.28
ਵੱਲ
ਐਸਪੀ, ਪੰਜਾਬ ਸੀਆਈਡੀ (ਸਿਆਸੀ)
ਲਾਹੌਰ
ਜਨਾਬ,
ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੈਨੂੰ ਪਿਛਲੇ ਖ਼ਤ ਦਾ ਕੋਈ ਜਵਾਬ ਨਹੀਂ ਮਿਲਿਆ, ਜਿਨ੍ਹਾਂ ਵਿਚ ਮੈਂ ਉਹ ਕੱਪੜੇ ਅਤੇ ਕਾਗਜ਼ਤ ਵਾਪਸ ਦੇਣ ਲਈ ਕਿਹਾ ਸੀ, ਜੋ 29 ਮਈ 1927 ਨੂੰ ਮੇਰੀ ਗ੍ਰਿਫ਼ਤਾਰੀ ਮੌਕੇ ਮੇਰੇ ਸਰੀਰ ਤੋਂ ਲਾਹ ਲਏ ਗਏ ਸਨ। ਮੈਂ ਉਹ ਕੱਪੜੇ ਤੇ ਕਿਤਾਬਾਂ ਵੀ ਮੋੜਨ ਲਈ ਕਿਹਾ ਸੀ ਜੋ ਮੇਰੇ ਪਿਤਾ ਨੇ ਭੇਜੇ ਸਨ ਜਦੋਂ ਮੈਂ ਪੁਲੀਸ ਹਿਰਾਸਤ ਵਿਚ ਸਾਂ। ਕੀ ਤੁਸੀਂ ਮੈਨੂੰ ਮੁੜਦੀ ਡਾਕ ’ਚ ਦੱਸੋਗੇ ਕਿ ਮੈਂ ਕਦੋਂ ਅਤੇ ਕਿੱਥੋਂ ਉਨ੍ਹਾਂ ਨੂੰ ਲੈ ਸਕਦਾ ਹਾਂ?
ਤੁਹਾਡਾ
ਭਗਤ ਸਿੰਘ
ਸ਼ਹਿਨਸ਼ਾਹੀ ਕੁਟੀਆ, ਸੂਤਰਮੰਡੀ, ਲਾਹੌਰ।
ਇਕ ਸ਼ਰਧਾਂਜਲੀ
ਕਾਗਜ਼ਾਤ ਵਿਚੋਂ ਇਕ ਸ਼ਰਧਾਂਜਲੀ ਵੀ ਮਿਲੀ ਹੈ ਜਿਹੜੀ ਭਗਤ ਸਿੰਘ ਦੀ ਸ਼ਹਾਦਤ ਤੋਂ ਅਗਲੇ ਹੀ ਦਿਨ ਲਿਖੀ ਗਈ ਜਾਪਦੀ ਹੈ। ਇਸ ਨੂੰ ‘ਆਜ਼ਾਦ’ ਨੇ ਲਿਖਿਆ ਹੈ। ਜ਼ਾਹਰ ਹੈ ਕਿ ਇਹ ਚੰਦਰ ਸ਼ੇਖਰ ਆਜ਼ਾਦ ਨਹੀਂ ਹੋ ਸਕਦਾ। ਕਾਰਨ ਇਹ ਕਿ ਉਸ ਦੀ ਸ਼ਹਾਦਤ ਭਗਤ ਸਿੰਘ ਤੋਂ ਮਹੀਨਾ ਭਰ ਪਹਿਲਾਂ ਹੋ ਗਈ ਸੀ। ਭਾਸ਼ਾ ਅਤੇ ਸ਼ੈਲੀ ਤੋਂ ਜਾਪਦਾ ਹੈ ਜਿਵੇਂ ਇਹ ਮੌਲਾਣਾ ਅਬੁਲ ਕਲਾਮ ਆਜ਼ਾਦ ਨੇ ਲਿਖੀ ਹੋਵੇ:
ਭਗਤ ਸਿੰਘ ਦੀ ਫਾਂਸੀ ਭਾਰਤ ਵਿਚ ਕਿਸੇ ਲੋਕ ਆਫ਼ਤ ਵਾਂਗ ਮਹਿਸੂਸ ਕੀਤੀ ਗਈ। ਨਰ-ਨਾਰੀ ਅਤੇ ਨੌਜਵਾਨ ਜ਼ਰਦ ਹੋ ਗਏ। ਜਿਵੇਂ ਉਨ੍ਹਾਂ ਨੂੰ ਆਪਣੇ ਕਿਸੇ ਅਜ਼ੀਜ਼ ਦੋਸਤ ਦੇ ਚਲਾਣੇ ਦੀ ਖ਼ਬਰ ਮਿਲੀ ਹੋਵੇ। ਉਨ੍ਹਾਂ ਦੀ ਸਾਰੀ ਰਾਤ ਹੰਝੂਆਂ ਵਿਚ ਬੀਤੀ।
ਸਾਡੀ ਤਾਰੀਫ਼ ਅਤੇ ਸਨੇਹ, ਸਾਡੇ ਮਾਣ ਅਤੇ ਸਾਡੀ ਉਮੀਦ ਦਾ ਇਕ ਪ੍ਰਤੀਕ ਅਚਾਨਕ ਸਾਥੋਂ ਖੋਹ ਲਿਆ ਗਿਆ। ਇੰਝ ਲੱਗਾ ਜਿਵੇਂ ਉਦੋਂ ਤਕ ਸਾਨੂੰ ਅਹਿਸਾਸ ਹੀ ਨਹੀਂ ਸੀ ਕਿ ਅਸੀਂ ਉਸ ਨਾਲ ਕਿੰਨੀ ਮੁਹੱਬਤ ਕਰਦੇ ਸਾਂ ਅਤੇ ਉਸ ਲਈ ਕਿੰਨਾ ਸਨਮਾਨ ਸਾਡੇ ਦਿਲਾਂ ਵਿਚ ਸੀ। ਮੁਲਕ ਨੇ ਆਪਣੇ ਮਹਾਂਨਾਇਕ ਦੇਸ਼ ਭਗਤ ਨੂੰ ਗੁਆ ਲਿਆ ਹੈ।
ਇਹ ਨਹੀਂ ਆਖਿਆ ਜਾ ਸਕਦਾ ਕਿ ਉਹ ਆਪਣਾ ਕੰਮ ਅਧੂਰਾ ਛੱਡ ਕੇ ਸ਼ਹੀਦ ਹੋ ਗਏ। ਸਭ ਤੋਂ ਮਾਣਮੱਤੀ ਹੁੰਦੀ ਹੈ ਸ਼ਹੀਦ ਦੀ ਮੌਤ ਅਤੇ ਸਭ ਤੋਂ ਦੁਖਦਾਈ ਹੁੰਦਾ ਹੈ ਸ਼ਹੀਦ ਦੇਸ਼ ਭਗਤ ਦਾ ਜਾਣਾ।
ਉਹ ਸਾਥੋਂ ਵਿਛੜ ਗਏ ਹਨ। ਪਰ ਇਕ ਪ੍ਰੇਰਨਾ ਪੁੰਜ ਬਣ ਗਏ ਹਨ। ਉਨ੍ਹਾਂ ਦਾ ਨਾਂ ਅਤੇ ਉਨ੍ਹਾਂ ਦੀ ਮਿਸਾਲ ਇਸ ਵਕਤ ਮਾਦਰੇ ਵਤਨ ਦੇ ਹਜ਼ਾਰਾਂ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਦਾ ਨਾਂ ਸਾਡਾ ਮਾਣ ਅਤੇ ਉਹ ਮਿਸਾਲ ਬਣ ਚੁੱਕਾ ਹੈ ਜੋ ਸਾਡੀ ਢਾਲ ਅਤੇ ਸਾਡੀ ਤਕਤ ਬਣਿਆ ਰਹੇਗਾ। ਮਹਾਂਨਾਇਕ ਅਤੇ ਗਿਆਨੀ ਲੋਕਾਂ ਦਾ ਜਜ਼ਬਾ ਇਸੇ ਤਰ੍ਹਾਂ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਜ਼ਿੰਦਾ ਰਹਿੰਦਾ ਹੈ। – ਆਜ਼ਾਦ
ਲਾਹੌਰ ਤੋਂ ਮਿਲੇ ਦਸਤਾਵੇਜ਼
ਪੰਜਾਬ ਆਰਕਾਈਵਜ਼, ਲਾਹੌਰ ਨੇ ਮਾਰਚ 2018 ਵਿਚ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਪਹਿਲੀ ਵਾਰ ਉਸ ਨਾਲ ਜੁੜੀਆਂ ਸੌ ਤੋਂ ਜ਼ਿਆਦਾ ਫ਼ਾਈਲਾਂ ਦੀ ਨੁਮਾਇਸ਼ ਲਾਈ। ਇਨ੍ਹਾਂ ਵਿਚੋਂ ਕੁਝ ਦਸਤਾਵੇਜ਼ਾਂ ਦੀਆਂ ਫੋਟੋਆਂ ਲਾਹੌਰ ਦੀ ਪੱਤਰਕਾਰ ਅਮਾਰਾ ਅਹਿਮਦ ਨੇ ਮੈਨੂੰ ਭੇਜੀਆਂ ਸਨ। ਉਨ੍ਹਾਂ ਵਿਚ ਉਹ ਅਦਾਲਤੀ ਅਰਜ਼ੀ ਵੀ ਸੀ ਜੋ ਭਗਤ ਸਿੰਘ ਤੇ ਉਸ ਦੇ ਸਾਥੀ ਇਨਕਲਾਬੀਆਂ ਨੇ ਆਪਣੇ ਉਪਰ ਚਲਾਏ ਜਾ ਰਹੇ ‘ਲਾਹੌਰ ਸਾਜ਼ਿਸ਼ ਕੇਸ’ ਦੀ ਸੁਣਵਾਈ ਲਈ ਕਾਇਮ ਸਪੈਸ਼ਲ ਟ੍ਰਿਬਿਊਨਲ ਨੂੰ ਲਿਖੀ ਸੀ। ਇਸ ਟ੍ਰਿਬਿਊਨਲ ਵਿਚ ਪੰਜਾਬ ਹਾਈ ਕੋਰਟ ਦੇ ਤਿੰਨ ਜੱਜ ਸਨ। ਜਸਟਿਸ ਕੋਲਡਸਟਰੀਮ (ਪ੍ਰਧਾਨ), ਜਸਟਿਸ ਆਗ਼ਾ ਹੈਦਰ ਅਤੇ ਜਸਟਿਸ ਹਿਲਟਨ। ਟ੍ਰਿਬਿਊਨਲ ਦਾ ਗਠਨ ਪੰਜਾਬ ਹਾਈ ਕੋਰਟ ਦੇ ਚੀਫ਼ ਜਸਟਿਸ ਸ਼ਾਦੀ ਲਾਲ ਦੇ ਹੁਕਮਾਂ ਉੱਤੇ ਪਹਿਲੀ ਮਈ 1930 ਨੂੰ ਕੀਤਾ ਗਿਆ ਸੀ।
ਪਹਿਲਾਂ ਤਾਂ ਭਗਤ ਸਿੰਘ ਦੇ ਪੰਜ ਸਾਥੀ ਇਨਕਲਾਬੀਆਂ ਨੇ ਪੰਜ ਮਈ 1930 ਨੂੰ ਟ੍ਰਿਬਿਊਨਲ ਨੂੰ ਲਿਖ ਦਿੱਤਾ ਕਿ ਉਹ ਇਸ ਦਾ ਬਾਈਕਾਟ ਕਰਨਗੇ। ਪਰ ਬਾਅਦ ਵਿਚ ਸ਼ਾਇਦ ਉਨ੍ਹਾਂ ਨੂੰ ਲੱਗਾ ਕਿ ਇਸ ਮੰਚ ਦਾ ਇਸਤੇਮਾਲ ਉਹ ਬਰਤਾਨਵੀ ਸਾਮਰਾਜਵਾਦ ਦੀਆਂ ਅਦਾਲਤਾਂ ਨੂੰ ਬੇਨਕਾਬ ਕਰਨ ਲਈ ਕਰ ਸਕਦੇ ਹਨ। ਇਸ ਲਈ ਤਿੰਨ ਦਿਨਾਂ ਬਾਅਦ ਭਗਤ ਸਿੰਘ ਸਮੇਤ ਦਸ ਇਨਕਲਾਬੀਆਂ ਨੇ ਕਾਨੂੰਨੀ ਮਦਦ ਹਾਸਲ ਕਰਨ ਦੇ ਆਪਣੇ ਹੱਕ ਦਾ ਦਾਅਵਾ ਕਰਦਿਆਂ ਇਹ ਅਰਜ਼ੀ ਲਿਖੀ ਸੀ। ਹੱਥ ਨਾਲ ਲਿਖੀ ਗਈ ਅਰਜ਼ੀ ਉੱਤੇ ਭਗਤ ਸਿੰਘ ਸਮੇਤ ਦਸ ਇਨਕਲਾਬੀਆਂ ਦੇ ਦਸਤਖ਼ਤ ਹਨ। ਇਨ੍ਹਾਂ ਵਿਚੋਂ ਅਜੇ ਕੁਮਾਰ ਘੋਸ਼ ਬਾਅਦ ਵਿਚ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ (1951-62) ਰਹੇ।
8 ਮਈ, 1930
ਸਪੈਸ਼ਲ ਟ੍ਰਿਬਿਊਨਲ ਦੀ ਅਦਾਲਤ ਵਿਚ
ਲਾਹੌਰ ਸਾਜ਼ਿਸ਼ ਕੇਸ, ਲਾਹੌਰ
ਕ੍ਰਾਊਨ ਬਨਾਮ ਸੁਖਦੇਵ ਅਤੇ ਹੋਰ 
ਮੁਲਜ਼ਮਾਂ ਦੀ ਨਿਮਰਤਾ ਸਹਿਤ ਦਰਖ਼ਾਸਤ
ਭਗਤ ਸਿੰਘ ਅਤੇ ਹੋਰ ਅਰਜ਼ ਕਰਦੇ ਹਨ:
(1) ਕਿ ਫਰਿਆਦੀਆਂ ਉੱਤੇ ਭਾਰਤੀ ਦੰਡ ਵਿਧਾਨ ਦੀ ਧਾਰਾ 302, 120ਬੀ ਅਤੇ 109 ਸਹਿਤ ਬੜੇ ਗੰਭੀਰ ਜੁਰਮਾਂ ਦੇ ਦੋਸ਼ ਲਾਏ ਗਏ ਹਨ।
(2) ਕਿ ਜ਼ਿਆਦਾਤਰ ਅਫ਼ਰਿਆਦਾ ਪਿਛਲੇ ਅੱਠ-ਨੌਂ ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਰੱਖੇ ਗਏ ਹਨ।
(3) ਕਿ ਇਕ ਨੂੰ ਛੱਡ ਕੇ ਤਮਾਮ ਫਰਿਆਦੀ ਦੂਰ-ਦਰਾਜ਼ ਦੇ ਸੂਬਿਆਂ ਤੋਂ ਹਨ, ਜਿਵੇਂ ਕਿ ਹੇਠਾਂ ਦੱਸਿਆ ਗਿਆ ਹੈ ਅਤੇ ਇਸ ਲਈ ਉਨ੍ਹਾਂ ਦੇ ਬਚਾਅ ਦੀ ਦੇਖ-ਰੇਖ ਲਈ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਨਹੀਂ ਹੈ:
1. ਅਜੇ ਕੁਮਾਰ ਘੋਸ਼, ਅਲਾਹਾਬਾਦ, ਯੂਪੀ
2. ਵਿਜੇ ਕੁਮਾਰ ਸਿਨਹਾ, ਕਾਨਪੁਰ, ਯੂਪੀ
3. ਪ੍ਰੇਮ ਦੱਤ, ਸ੍ਰੀਨਗਰ, ਕਸ਼ਮੀਰ
4. ਕਮਲ ਨਾਥ ਤਿਵਾੜੀ, ਬੇਤੀਆ, ਬਿਹਾਰ
5. ਸ਼ਿਵ ਵਰਮਾ, ਹਰਦੋਈ, ਯੂਪੀ
6. ਜੈਦੇਵ ਕਪੂਰ, ਹਰਦੋਈ, ਯੂਪੀ
7. ਐਸ.ਐਨ. ਪਾਂਡੇ, ਕਾਨਪੁਰ, ਯੂਪੀ
8. ਕਿਸ਼ੋਰੀ ਲਾਲ, ਕਾਨਪੁਰ, ਯੂਪੀ
9. ਦੇਸ ਰਾਜ, ਸਿਆਲਕੋਟ, ਮਾਪੇ ਭਾਰਤ ਤੋਂ ਬਾਹਰ ਹਨ
(4) ਫ਼ਰਿਆਦੀਆਂ ਵਿਚੋਂ ਪੰਜ ਦਾ ਕੋਈ ਵੀ ਵਕੀਲ ਨਹੀਂ ਹੈ ਅਤੇ ਉਹ ਆਪਣਾ ਬਚਾਅ ਖ਼ੁਦ ਕਰ ਰਹੇ ਹਨ।
(5) ਕਿ ਉਪਰ ਧਾਰਾ 3-4 ਵਿਚ ਦੱਸੀਆਂ ਵਜ੍ਹਾਵਾਂ ਕਰ ਕੇ ਫ਼ਰਿਆਦੀ ਆਪਣੇ ਬਚਾਅ ਦਾ ਇੰਤਜ਼ਾਮ ਆਪਣੇ ਦੋਸਤਾਂ, ਵਕੀਲਾਂ ਅਤੇ ਬਚਾਅ ਕਮੇਟੀ ਦੇ ਮੈਂਬਰਾਂ ਜ਼ਰੀਏ ਹੀ ਕਰ ਸਕਦੇ ਹਨ।
(6) ਇਸ ਲਈ ਗੁਜ਼ਾਰਿਸ਼ ਕੀਤੀ ਜਾਂਦੀ ਹੈ ਕਿ ਵਿਦਵਾਨ ਅਦਾਲਤ ਇਨਸਾਫ਼ ਦੇ ਹੱਕ ਵਿਚ ਫ਼ਰਿਆਦੀਆਂ ਨੂੰ ਸਹੂਲਤਾਂ ਮੁਹੱਈਆ ਕਰਾਵੇ:
ੳ. ਦੋਸਤਾਂ, ਰਿਸ਼ਤੇਦਾਰਾਂ, ਵਕੀਲਾਂ, ਕਾਨੂੰਨੀ ਸਲਾਹਕਾਰਾਂ ਅਤੇ ਬਚਾਅ ਕਮੇਟੀ ਦੇ ਮੈਂਬਰਾਂ ਨਾਲ ਅਦਾਲਤ ਵਿਚ ਮੁਲਾਕਾਤ। ਲੰਚ ਦੇ ਵਕਫ਼ੇ ਦੌਰਾਨ ਜਾਂ ਘੰਟੇ ਭਰ ਦਾ ਸਟੇਅ ਦੇ ਕੇ ਅਦਾਲਤ ਉਠ ਜਾਵੇ ਤਾਂ ਉਸ ਦੌਰਾਨ ਮੁਲਜ਼ਮ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰ ਸਕਣ।
ਅ. ਬੋਸਰਟਲ ਜੇਲ੍ਹ ਅਤੇ ਸੈਂਟਰਲ ਜੇਲ੍ਹ ਦੇ ਸੁਪਰਡੈਂਟਾਂ ਨੂੰ ਹਦਾਇਤ ਭੇਜੀ ਜਾਵੇ ਕਿ ਉਹ ਇਨ੍ਹਾਂ ਮੁਲਾਕਾਤਾਂ ਦੀ ਇਜਾਜ਼ਤ ਦੇਣ।
ੲ. ਜਿਨ੍ਹਾਂ ਮੁਲਜ਼ਮਾਂ ਨੇ ਵਕੀਲ ਨਹੀਂ ਕੀਤਾ ਹੋਇਆ, ਉਨ੍ਹਾਂ ਦੇ ਕਾਨੂੰਨੀ ਸਲਾਹਕਾਰਾਂ ਨੂੰ ਅਦਾਲਤ ਵਿਚ ਹੀ ਬੈਠਣ ਦੀ ਇਜਾਜ਼ਤ ਦਿੱਤੀ ਜਾਵੇ, ਜੇ ਇੰਨੀ ਥਾਂ ਉੱਥੇ ਹੋਵੇ ਤਾਂ।
ਸ. ਬਚਾਅ ਕਮੇਟੀ ਨੂੰ ਮਾਨਤਾ ਦਿੱਤੀ ਜਾਵੇ ਅਤੇ ਜੇ ਅਦਾਲਤ ਵਿਚ ਇੰਨੀ ਥਾਂ ਹੋਵੇ ਤਾਂ ਬਚਾਅ ਕਮੇਟੀ ਦੇ ਦੋ ਮੈਂਬਰਾਂ ਨੂੰ ਉੱਥੇ ਬੈਠਣ ਦਿੱਤਾ ਜਾਵੇ।
(7) ਇਸ ਮੁਕੱਦਮੇ ਵਿਚ ਬਹੁਤ ਸਾਰੇ ਐਗਜ਼ੈਕਟਿਵਾਂ ਨੂੰ ਗਵਾਹਾਂ ਵਜੋਂ ਰੱਖਿਆ ਗਿਆ ਹੈ। ਇਸ ਲਈ ਗੁਜ਼ਾਰਿਸ਼ ਕੀਤੀ ਜਾਂਦੀ ਹੈ ਕਿ ਇਨ੍ਹਾਂ ਐਗਜ਼ੈਕਟਿਵਾਂ ਦੀ ਮੁਲਜ਼ਮਾਂ ਅਤੇ ਉਨ੍ਹਾਂ ਦੇ ਵਕੀਲਾਂ ਰਾਹੀਂ ਜਾਂਚ ਲਈ ਹਫ਼ਤੇ ਦਾ ਕੋਈ ਦਿਨ, ਬਿਹਤਰ ਹੋਵੇ ਤਾਂ ਐਤਵਾਰ ਤੈਅ ਕਰ ਦਿੱਤਾ ਜਾਵੇ।
ਹੱਥੀਂ ਲਿਖਿਆ ਗਿਆ ਅਤੇ ਇਨ੍ਹਾਂ ਸਾਰਿਆਂ ਵੱਲੋਂ ਸਹੀਬੰਦ:
1. ਭਗਤ ਸਿੰਘ
2. ਵਿਜੇ ਕੁਮਾਰ ਸਿਨਹਾ
3. ਅਜੇ ਕੁਮਾਰ ਘੋਸ਼
4. ਐਸ.ਐਨ. ਪਾਂਡੇ
5. ਜੈਦੇਵ ਕਪੂਰ
6. ਕਿਸ਼ੋਰੀ ਲਾਲ ਰਤਨ
7. ਪ੍ਰੇਮ ਦੱਤ ਵਰਮਾ
8. ਸ਼ਿਵ ਵਰਮਾ
9. ਕਮਲ ਨਾਥ ਤਿਵਾੜੀ
10. ਦੇਸ ਰਾਜ
8 ਮਈ, 1930 (ਅਧਿਕਾਰਤ ਮੋਹਰ ਲਾਹੌਰ)
ਇਸ ਮਾਮਲੇ ਦੀ ਸੁਣਵਾਈ ਦੌਰਾਨ ਪੁਲੀਸ ਨੇ ਹੱਥੀਂ ਲਿਖੇ ਕਈ ਪੋਸਟਰ ਸਬੂਤਾਂ ਵਜੋਂ ਪੇਸ਼ ਕੀਤੇ ਸਨ। ਇਨ੍ਹਾਂ ਦਾ ਮਿਲਾਣ ਕਰਨ ਲਈ ਪੁਲੀਸ ਨੇ ਭਗਤ ਸਿੰਘ ਦੀ ਲਿਖਾਈ ਦੇ ਨਮੂਨੇ ਲਏ ਸਨ। ਗ਼ੌਰ ਕਰਨ ਵਾਲੀ ਗੱਲ ਹੈ ਕਿ ਇਸ ਲਈ ਵੀ ਭਗਤ ਸਿੰਘ ਨੇ ਉਸ ਵਕਤ ਦੇ ਬਰਤਾਨਵੀ ਪ੍ਰਧਾਨ ਮੰਤਰੀ ਸਟੈਨਲੇ ਬਾਲਡਵਿਨ ਦਾ ਅਜਿਹਾ ਬਿਆਨ ਚੁਣਿਆ ਸੀ ਜੋ ਬ੍ਰਿਟਿਸ਼ ਸਾਮਰਾਜਵਾਦ ਦੇ ਦੋਹਰੇ ਮਿਆਰਾਂ ਨੂੰ ਬੇਨਕਾਬ ਕਰਦਾ ਸੀ। ਬਾਲਡਵਿਨ ਨੇ ਇਹ ਬਿਆਨ 30 ਮਈ 1929 ਨੂੰ ਹੋਣ ਵਾਲੀਆਂ ਬਰਤਾਨਵੀ ਸੰਸਦੀ ਚੋਣਾਂ ਦੇ ਪ੍ਰਚਾਰ ਦੌਰਾਨ ਦਿੱਤਾ ਸੀ।

* ਸਾਬਕਾ ਪ੍ਰੋਫ਼ੈਸਰ, ਜੇਐੱਨਯੂ ਅਤੇ ਆਨਰੇਰੀ ਸਲਾਹਕਾਰ, ਭਗਤ ਸਿੰਘ ਆਰਕਾਈਵਜ਼ ਐਂਡ ਰਿਸੋਰਸ ਸੈਂਟਰ, ਦਿੱਲੀ।

No comments: