Monday 28 December 2015

ਹਵਾੲੀ ਅੱਡੇ ਦੇ ਨਾਮ ਦਾ ਵਿਵਾਦ ਕਿੰਨਾ ਕੁ ਜਾਇਜ਼ ? Posted On December - 27 - 2015 ਡਾ. ਚਮਨ ਲਾਲ *






ਜਦੋਂ ਤੋਂ ਕੇਂਦਰ ਵਿੱਚ ਨਰਿੰਦਰ ਮੋਦੀ ਅਤੇ ਹਰਿਆਣਾ ਵਿੱਚ ਮਨੋਹਰ ਲਾਲ ਖੱਟਰ ਦੀਆਂ ਭਾਜਪਾ ਸਰਕਾਰਾਂ ਬਣੀਆਂ ਹਨ, ਬੜੀਆਂ ਦਿਲਚਸਪ ਗੱਲਾਂ ਹੋ ਰਹੀਆਂ ਹਨ। ਕਿਸੇ ਵੇਲੇ ਮੋਦੀ ਅਤੇ ਖੱਟਰ ਦੋਵੇਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਦੇ ਕੁਲਵਕਤੀ ਕਾਰਜਕਰਤਾ ਹੁੰਦੇ ਸਨ ਅਤੇ ਚੰਡੀਗੜ੍ਹ ਵਿੱਚ ਇੱਕੋ ਠਿਕਾਣੇ ’ਤੇ ਇਕੱਠੇ ਹੀ ਰਹਿੰਦੇ ਵੀ ਸਨ। ਇਸ ਲਈ ਜਦੋਂ ਹਰਿਆਣਾ ਵਿੱਚ ਪਹਿਲੀ ਵਾਰ 2014 ਵਿੱਚ ਭਾਜਪਾ ਸਰਕਾਰ ਆਪਣੇ ਦਮ ’ਤੇ ਬਣੀ ਤਾਂ ਮੋਦੀ ਨੇ ਪੁਰਾਣੀ ਦੋਸਤੀ ਪਾਲਦੇ ਹੋਏ, ਕਦੇ ਵੀ ਵਿਧਾਨ ਸਭਾ ਦੇ ਮੈਂਬਰ ਤਕ ਨਾ ਬਣੇ। ਮਨੋਹਰ ਲਾਲ ਖੱਟਰ ਨੂੰ ਹਰਿਆਣਾ ਦਾ ਮੁੱਖ ਮੰਤਰੀ ਥਾਪ ਦਿੱਤਾ ਅਤੇ ਅਨਿਲ ਵਿਜ ਅਤੇ ਰਾਮਬਿਲਾਸ ਸ਼ਰਮਾ ਵਰਗੇ ਤਜਰਬੇਕਾਰ ਆਗੂ  ਮੂੰਹ ਦੇਖਦੇ ਰਹਿ ਗਏ। ਉਦੋਂ ਇਹੀ ਸਵਾਲ ਉਠਿਆ ਸੀ- ਇਹ ਖੱਟਰ ਕੌਣ ਹੈ ਭਾੲੀ? ਆਮ ਆਦਮੀ ਨੂੰ ਖੱਟਰ ਦਾ ਨਾਂ ਤਕ ਪਤਾ ਨਹੀਂ ਸੀ ਕਿਉਂਕਿ ਕਦੇ ਉਸ ਦੀ ਸਿਆਸੀ ਸਰਗਰਮੀ ਰਹੀ ਹੀ ਨਹੀਂ ਸੀ। ਸ੍ਰੀ ਖੱਟਰ ਨੇ ਹੁਣ ਹੈਰਾਨ ਕਰਨ ਵਾਲੇ ਤਰੀਕੇ ਨਾਲ  ਚੰਡੀਗੜ੍ਹ ਦੇ ਹਵਾਈ ਅੱਡੇ ਦੇ ਨਾਂ  ਵਾਸਤੇ ਪੰਜਾਬ ਤੇ ਹਰਿਆਣਾ ਸਰਕਾਰਾਂ ਵੱਲੋਂ ਕੀਤੇ ਸ਼ਹੀਦ ਭਗਤ ਸਿੰਘ ਦੇ ਨਾਂ ਦੇ  ਪਹਿਲੇ ਫ਼ੈਸਲੇ ਨੂੰ ਰੱਦ ਕਰਕੇ ਭਾਰਤੀ ਜਨਸੰਘ ਦੇ ਮਰਹੂਮ ਆਗੂ ਤੇ ਹਰਿਆਣਾ ਦੇ ਸਾਬਕਾ ੳੁੱਪ ਮੁੱਖ ਮੰਤਰੀ ਡਾ. ਮੰਗਲ ਸੈਨ ਦਾ ਨਾਂ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਹੈ। ਇਸ ’ਤੇ ਲੋਕਾਂ ਨੇ ਦੁਬਾਰਾ ਸਵਾਲ ਕੀਤਾ-ਇਹ ਮੰਗਲ ਸੇਨ ਕੌਣ ਹੈ ਭਾਈ?
ਡਾ. ਚਮਨ ਲਾਲ
 ਡਾ. ਮੰਗਲ ਸੈਨ, ਖੱਟਰ ਤੋਂ ਪਹਿਲਾਂ ਦਾ ਸੰਘ ਦਾ ਹਰਿਆਣਾ ਦਾ ਪ੍ਰਚਾਰਕ ਸੀ ਜੋ 1947 ਦੀ ਵੰਡ ਤੋਂ ਬਾਅਦ 20 ਸਾਲਾਂ ਦੀ ਉਮਰ ਵਿੱਚ ਪੰਜਾਬੀ ਸ਼ਰਨਾਰਥੀ ਦੇ ਤੌਰ ’ਤੇ ਉਸ ਵੇਲੇ ਦੇ ਇਧਰਲੇ ਪੰਜਾਬ ਵਿੱਚ ਆ ਵਸਿਆ ਸੀ। 1977 ਵਿੱਚ ੳੁਹ ਮੁੱਖ ਮੰਤਰੀ ਦੇਵੀ ਲਾਲ ਦੀ ਸਰਕਾਰ ਵਿੱਚ ਦੋ ਸਾਲ ਉਪ ਮੁੱਖ ਮੰਤਰੀ ਰਿਹਾ। 1990 ਵਿੱਚ ਉਸ ਦੇ ਗੁਜ਼ਰਨ ਬਾਅਦ ਉਸ ਦਾ ਨਾਂ ਤਕ ਕਿਸੇ ਦੇ ਚਿੱਤ-ਚੇਤੇ ਨਹੀਂ ਸੀ। ਇਸੇ ਲੲੀ ਜਦੋਂ ਮਨੋਹਰ ਲਾਲ ਖੱਟਰ ਨੇ ਚੰਡੀਗੜ੍ਹ ਹਵਾਈ ਅੱਡੇ ਦੇ ਨਾਂ ਲਈ ਡਾ. ਮੰਗਲ ਸੈਨ ਦੇ ਨਾਂ ਦੀ ਲਾਟਰੀ ਕੱਢ ਮਾਰੀ ਤਾਂ ਲੋਕਾਂ ਦਾ ਦੰਗ ਰਹਿ ਜਾਣਾ ਸੁਭਾਵਿਕ ਹੀ ਸੀ, ਖ਼ਾਸਕਰ ਉਦੋਂ ਜਦੋਂ ਉਸ ਦਾ ਨਾਂ ਸ਼ਹੀਦ ਭਗਤ ਸਿੰਘ ਵਰਗੇ ਸਿਰਕੱਢ ਇਨਕਲਾਬੀ ਦੇ ਨਾਂ ਨੂੰ ਰੱਦ ਕਰਕੇ ਭੇਜਿਆ ਜਾਵੇ।
ਚੰਡੀਗੜ੍ਹ ਦਾ ਹਵਾਈ ਅੱਡਾ ਘਰੇਲੂ ਉਡਾਣਾਂ ਲਈ ਤਾਂ ਬਹੁਤ ਪਹਿਲਾਂ ਤੋਂ ਚੱਲ ਰਿਹਾ ਹੈ, ਪਰ 2009 ਵਿੱਚ ਇਸ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ ਦੀ ਯੋਜਨਾ ਬਣੀ ਤਾਂ ਪੰਜਾਬ ਨੇ ਇਸ ਲਈ ਮੁਹਾਲੀ ਵਿੱਚ ਜ਼ਮੀਨ ਦਿੱਤੀ ਅਤੇ ਇਸ ਦਾ ਨਾਂ ਸ਼ਹੀਦ-ਏ-ਆਜ਼ਮ-ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਮੁਹਾਲੀ ਰੱਖਣ ਦਾ ਮਤਾ ਵਿਧਾਨ ਸਭਾ ਵਿੱਚ ਸਰਬ ਸੰਮਤੀ ਨਾਲ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜ ਦਿੱਤਾ। ਹਵਾਈ ਅੱਡੇ ਦੇ ਬਣਾਉਣ ਲਈ 51 ਫ਼ੀਸਦੀ ਖ਼ਰਚਾ ਕੇਂਦਰ ਸਰਕਾਰ ਅਤੇ 24.5 ਫ਼ੀਸਦੀ ਪੰਜਾਬ ਅਤੇ ਹਰਿਆਣਾ ਸਰਕਾਰਾਂ ਦੋਵਾਂ ਨੇ ਕਰਨਾ ਸੀ। ਹਰਿਆਣਾ ਵਿੱਚ ਕਾਂਗਰਸ ਦੀ ਭੁਪਿੰਦਰ ਸਿੰਘ ਹੂਡਾ ਸਰਕਾਰ ਨੇ ਹਵਾਈ ਅੱਡੇ ਦੇ ਨਾਂ ਲਈ 2010 ਵਿੱਚ ਭਗਤ ਸਿੰਘ ਦੇ ਨਾਂ ’ਤੇ ਤਾਂ ਸਹਿਮਤੀ ਦੇ ਦਿੱਤੀ, ਪਰ ਅੱਡੇ ਦੇ ਸ਼ਹਿਰ ਲਈ ਉਹ ਚੰਡੀਗੜ੍ਹ ਦੇ ਨਾਂ ’ਤੇ ਅੜੇ ਰਹੇ। ਇਸੇ ਚੱਕਰ ਵਿੱਚ ਕੇਂਦਰ ਸਰਕਾਰ ਨੇ ਹਵਾਈ ਅੱਡੇ ਦਾ ਨਾਮਕਰਣ ਲਟਕਾਈ ਰੱਖਿਆ। ਨਤੀਜੇ ਵਜੋਂ ਮੋਦੀ ਸਰਕਾਰ ਬਣਨ ਬਾਅਦ 11 ਸਤੰਬਰ 2015 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਹਵਾਈ ਅੱਡੇ ਦਾ ਉਦਘਾਟਨ ਬਿਨਾ ਨਾਮਕਰਨ ਤੋਂ ਕਰ ਦਿੱਤਾ, ਹਾਲਾਂਕਿ ਮੁਹਾਲੀ ਇਲਾਕੇ ਨਾਲ ਸਬੰਧਿਤ ਅਕਾਲੀ ਐਮ.ਪੀ. ਪ੍ਰੇਮ ਸਿੰਘ ਚੰਦੂਮਾਜਰਾ ਨੇ ਉਸ ਵੇਲੇ ਵੀ ਭਗਤ ਸਿੰਘ ਦੇ ਨਾਂ ’ਤੇ ਹਵਾਈ ਅੱਡਾ ਰੱਖਣ ਦੀ ਅਕਾਲੀ ਸਰਕਾਰ ਦੀ ਮੰਗ ਦੁਹਰਾਈ ਸੀ। ਖੱਟਰ ਸਰਕਾਰ ਦੀ ਸਿਫ਼ਾਰਸ਼ ਦਾ ਲੋਕਾਂ ਨੂੰ ਪਤਾ ਵੀ ਨਹੀਂ ਸੀ ਲੱਗਣੀ ਜੇ ਕਾਂਗਰਸ ਦੇ ਲੁਧਿਆਣਾ ਦੇ ਐਮ.ਪੀ. ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਤੋਂ ਇਹ ਸਵਾਲ ਨਾ ਪੁੱਛ ਲਿਆ ਹੁੰਦਾ। ਸ਼ਹਿਰੀ ਹਵਾਬਾਜ਼ੀ ਮੰਤਰੀ ਮਹੇਸ਼ ਸ਼ਰਮਾ ਨੂੰ 3 ਦਸੰਬਰ 2015 ਨੂੰ ਬਿੱਟੂ ਨੂੰ ਇਹ ਦੱਸਣਾ ਪਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਚੰਡੀਗੜ੍ਹ ਹਵਾਈ ਅੱਡੇ ਦੇ ਨਾਮਕਰਣ ਲਈ ਪਿਛਲੇ ਮੁੱਖ ਮੰਤਰੀ ਹੂਡਾ ਦੀ ਭਗਤ ਸਿੰਘ ਦੇ ਨਾਂ ਦੀ ਸਹਿਮਤੀ ਨੂੰ ਰੱਦ ਕਰਕੇ ਡਾ. ਮੰਗਲ ਸੈਨ ਦੇ ਨਾਂ ਦੀ ਸਿਫ਼ਾਰਸ਼ ਕੇਂਦਰ ਸਰਕਾਰ ਨੂੰ ਭੇਜੀ ਹੈ।
ਰਵਨੀਤ ਸਿੰਘ ਬਿੱਟੂ ਨੇ ਭਗਤ ਸਿੰਘ ਦੇ ਨਾਂ ’ਤੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਨਾ ਰੱਖਣ ਦੀ ਸੂਰਤ ਵਿੱਚ ਅੰਦੋਲਨ ਕਰਨ ਦਾ ਐਲਾਨ ਕੀਤਾ ਤਾਂ ਆਮ ਆਦਮੀ ਪਾਰਟੀ (ਆਪ) ਦੇ ਪਟਿਆਲਾ ਦੇ ਬਾਗ਼ੀ ਐਮ.ਪੀ. ਡਾ ਧਰਮਵੀਰ ਗਾਂਧੀ ਨੇ 16 ਦਸੰਬਰ ਨੂੰ ਲੋਕ ਸਭਾ ਵਿੱਚ ਆਪਣੀ ਸੀਟ ’ਤੇ ਖੜ੍ਹੇ ਹੋ ਕੇ ਭਗਤ ਸਿੰਘ ਦੇ ਖੱਟਰ ਵੱਲੋਂ ਕੀਤੇ ਅਪਮਾਨ ਦੇ ਵਿਰੋਧ ਦੇ ਪੋਸਟਰ ਦਿਖਾਏ। 17 ਦਸੰਬਰ ਨੂੰ ਸੀਪੀਐਮ ਦੇ ਜਨਰਲ ਸਕੱਤਰ ਸੀਤਾ ਰਾਮ  ਯੇਚੁਰੀ ਦੀ ਅਗਵਾਈ ਵਿੱਚ ਸਾਰੇ ਖੱਬੇ ਪੱਖੀ ਸੰਸਦ ਮੈਂਬਰਾਂ ਨਾਲ ਮਿਲ ਕੇ ਡਾ. ਗਾਂਧੀ ਨੇ ਪਾਰਲੀਮੈਂਟ ਹਾੳੂਸ ਦੇ ਪ੍ਰਾਂਗਣ ਵਿੱਚ ਲੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ ਅਗੇ ਖੜ੍ਹੇ ਹੋ ਕੇ ਰੋਸ ਜਤਾਇਆ ਅਤੇ ਪਾਰਲੀਮੈਂਟ ਦੇ ਬਾਹਰ ਮੁਜ਼ਾਹਰਾ ਕੀਤਾ। ਉਨ੍ਹਾਂ ਸਾਰਿਆਂ ਨੇ ਖੱਟਰ ਤੇ ਹਰਿਆਣਾ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਅਤੇ ਐਲਾਨ ਕੀਤਾ ਕਿ ਉਹ ਸ਼ਹੀਦ ਭਗਤ ਸਿੰਘ ਦਾ ਅਪਮਾਨ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰਨਗੇ। ਜਨਤਾ ਦਲ (ਯੂ) ਨੇ ਵੀ ਖੱਟਰ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਅਤੇ ਤੁਰੰਤ ਚੰਡੀਗੜ੍ਹ ਹਵਾਈ ਅੱਡੇ ਦਾ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਨਾਮਕਰਣ ਦੀ ਮੰਗ ਕੇਂਦਰ ਸਰਕਾਰ ਤੋਂ ਕੀਤੀ। ਇਸੇ ਦੌਰਾਨ ਸੋਸ਼ਲ ਮੀਡਿਆ ’ਤੇ ਇਹ ਮੁੱਦਾ ਕੌਮੀ ਬਹਿਸ ਦਾ ਰੂਪ ਧਾਰਨ ਕਰ ਗਿਆ ਅਤੇ ਹਰ ਪਾਸਿਓਂ ਇਹ ਸਵਾਲ ਉਠਣ ਲੱਗੇ ਕਿ ਮੰਗਲ ਸੈਨ ਕੌਣ ਹੈ? ਬੀਬੀਸੀ ਤੋਂ ਲੈ ਕੇ ਸਾਰੇ ਮਹੱਤਵਪੂਰਨ ਵੈਬ ਪਰਚਿਆਂ ਨੇ ਇਸ ਬਾਰੇ ਲੇਖ ਲਿਖ ਕੇ ਹਰਿਆਣਾ ਸਰਕਾਰ ਦੇ ਇਸ ਕਦਮ ਦੀ ਸਖ਼ਤ ਨਿਖੇਧੀ ਕੀਤੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਨੂੰ ਵੀ ਬਿਆਨ ਦੇਣਾ ਪਿਆ ਅਤੇ ਸਭ ਤੋਂ ਵੱਧ ਸਖ਼ਤ ਬਿਆਨ ਖ਼ੁਦ ਪੰਜਾਬ ਦੇ ਮੁੱਖ ਮੰਤਰੀ  ਸਿੰਘ ਬਾਦਲ ਨੇ ਦੇ ਕੇ ਕਿਹਾ ਕਿ ਭਗਤ ਸਿੰਘ ਦੀ ਹਸਤੀ ਰਾਸ਼ਟਰੀ ਹੀ ਨਹੀਂ ਅੰਤਰਰਾਸ਼ਟਰੀ ਹੈ, ਜੋ ਨੈਲਸਨ ਮੰਡੇਲਾ ਵਰਗੀ ਹਸਤੀ ਨਾਲ ਮੇਲ ਖਾਂਦੀ ਹੈ। ਉਨ੍ਹਾਂ ਇਸ ਸਬੰਧੀ ਕਿਸੇ ਵੀ ਵਿਵਾਦ ਨੂੰ ਬੜੀ ਬੇਸੁਆਦੀ ਵਾਲੀ ਹਰਕਤ ਕਿਹਾ। ਇਹ ਬਿਆਨ ਖੱਟਰ ਦੀ ਬਿਨਾ ਨਾਂ ਲਈ ਸਖ਼ਤ ਆਲੋਚਨਾ ਸੀ। ਦੁਨੀਆਂ ਭਰ ਵਿੱਚ ਹਵਾਈ ਅੱਡਿਆਂ ਦੇ ਨਾਂ ਉਸ ਸ਼ਹਿਰ ਜਾਂ ਦੇਸ਼ ਦੀਆਂ ਮਹਾਨ ਹਸਤੀਆਂ ਦੇ ਨਾਂ ’ਤੇ ਰੱਖੇ ਜਾਂਦੇ ਹਨ। ਸ਼ਹੀਦ ਭਗਤ ਸਿੰਘ ਸਿਰਫ਼ ਪੰਜਾਬ ਜਾਂ ਭਾਰਤ ਦੇ ਹੀ ਨਹੀਂ, ਸਗੋਂ ਪਾਕਿਸਤਾਨ ਅਤੇ ਦੱਖਣੀ ਏਸ਼ੀਆ ਦੇ ਸਾਰੇ ਹੀ ਦੇਸ਼ਾਂ ਵਿੱਚ ਮਕਬੂਲ ਹੀਰੋ ਹਨ। ਉਨ੍ਹਾਂ ਦਾ ਨਾਮ ਦੁਨੀਆਂ ਦੇ ਸਭ ਤੋਂ ਵੱਡੇ ਇਨਕਲਾਬੀਆਂ ਵਿੱਚ ਸ਼ਾਮਿਲ ਹੈ। ਇਸੇ ਲਈ ਇਹ ਵਾਜਿਬ ਹੀ ਸੀ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਉਨ੍ਹਾਂ ਦੇ ਨਾਂ ’ਤੇ  ਹੀ ਰੱਖਿਆ ਜਾਂਦਾ। ੳੁਂਜ, ਸ੍ਰੀ ਖੱਟਰ ਦੇ ਵਰਤਾਰੇ ਵਿੱਚ ਹੈਰਾਨੀ ਵਾਲੀ ਗੱਲ ਵੀ ਨਹੀਂ ਹੈ। ਉਹ ਸੰਘ ਦੇ ਪ੍ਰਤੀਬੱਧ ਕਾਰਜਕਰਤਾ ਹਨ ਅਤੇ ਸੰਘ ਦੇ ਮੁਫ਼ਾਦ ਲੲੀ ਕਿਸੇ ਵੀ ਹੱਦ ਤਕ ਜਾ ਸਕਦੇ ਹਨ।
ਆਮ ਲੋਕ ਸ੍ਰੀ ਖੱਟਰ ਦੇ ਇਸ ਕਦਮ ਨਾਲ ਭਗਤ ਸਿੰਘ ਜਾਂ ਇਨਕਲਾਬੀਆਂ/ਆਜ਼ਾਦੀ ਸੰਗਰਾਮੀਆਂ ਦੇ ਅਪਮਾਨ ਦਾ ਮਸਲਾ ਵੀ ਉਠਾ ਰਹੇ ਹਨ, ਪਰ ਭਗਤ ਸਿੰਘ ਦਾ ਅਪਮਾਨ ਕਿਹੜਾ ਪਹਿਲੀ ਵਾਰ ਹੋ ਰਿਹਾ ਹੈ। ਉਸ ਦੇ ਜੀਵਨ ਕਾਲ ਵਿੱਚ ਉਸ ਨੂੰ ‘ਪਾਗਲ’, ਦਹਿਸ਼ਤਗਰਦ ਤੇ ਹੋਰ ਵੀ ਕਈ ਕੁਝ ਕਿਹਾ ਗਿਆ, ਹਾਲਾਂਕਿ ਜਿਨ੍ਹਾਂ ਨੇ ਇਹ ਸਭ ਕੁਝ ਕਿਹਾ, ਉਹੋ ਉਸ ਦੀ ਸ਼ਹਾਦਤ ਬਾਅਦ ਉਸ ਦੇ ਨਾਮਲੇਵਾ ਬਣ ਗਏ। ਕਾਂਗਰਸ ਪਾਰਟੀ ਨੇ 1931 ਵਿੱਚ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਬਾਅਦ ਇਨ੍ਹਾਂ ਤਿੰਨਾਂ ਦੀ ਲਾਹੌਰ ਵਿੱਚ ਯਾਦਗਾਰ ਨਹੀਂ ਸੀ ਬਣਨ ਦਿੱਤੀ। ਇਸ ਯਾਦਗਾਰ ਲੲੀ ਨੌਜਵਾਨ ਭਾਰਤ ਸਭਾ ਨੇ ਮੁਹਿੰਮ ਵਿੱਢੀ ਸੀ। ਇਸ ਨੂੰ ਰੋਕਣ ਲਈ ਕਾਂਗਰਸ ਨੇ ਸ਼ਹੀਦ ਭਗਤ ਸਿੰਘ ਦੇ ਕਾਂਗਰਸੀ ਕਾਰਜਕਰਤਾ ਪਿਤਾ ਕਿਸ਼ਨ ਸਿੰਘ ਦਾ ਇਸਤੇਮਾਲ ਇਹ ਕਹਿ ਕੇ ਕੀਤਾ ਸੀ ਕਿ ਕਾਂਗਰਸ ਪਾਰਟੀ ਖ਼ੁਦ ਇਹ ਯਾਦਗਾਰ ਬਣਾਏਗੀ ਪਰ ਉਸ ਨੇ 1947 ਤਕ ਇਹ ਯਾਦਗਾਰ ਨਹੀਂ ਸੀ ਬਣਾਈ। ਹੁਣ ੳੁਹ ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਮ ਭਗਤ ਸਿੰਘ ਦੇ ਨਾਮ ’ਤੇ ਨਾ ਰੱਖੇ ਜਾਣ ’ਤੇ ਦੁੱਖ ਪ੍ਰਗਟ ਫਿਰਦੀ ਹੈ!

ਸੰਪਰਕ: 096464-94538
*ਲੇਖਕ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੋਂ ਸੇਵਾਮੁਕਤ ਪ੍ਰੋਫੈਸਰ ਹੈ। ਸ਼ਹੀਦ ਭਗਤ ਸਿੰਘ ਬਾਰੇ ਹਿੰਦੀ ਪੰਜਾਬੀ ਅਤੇ ਅੰਗਰੇਜ਼ੀ ’ਚ ੳੁਸਦੀਆਂ ਕੲੀ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

No comments: