Friday, 28 March 2014

The Atheism of Bhagat Singh-Mandeep Kaur-Punjabi Tribune

http://punjabitribuneonline.com/2014/03/%E0%A8%AD%E0%A8%97%E0%A8%A4-%E0%A8%B8%E0%A8%BF%E0%A9%B0%E0%A8%98-%E0%A8%A6%E0%A9%80-%E0%A8%A8%E0%A8%BE%E0%A8%B8%E0%A8%A4%E0%A8%BF%E0%A8%95%E0%A8%A4%E0%A8%BE-%E0%A8%A6%E0%A9%87-%E0%A8%AE%E0%A8%BE/

ਭਗਤ ਸਿੰਘ ਦੀ ਨਾਸਤਿਕਤਾ ਦੇ ਮਾਅਨੇ

Posted On March - 21 - 2014

ਡਾ. ਮਨਦੀਪ ਕੌਰ

ਸੰਪਰਕ:95921-20120
ਆਜ਼ਾਦੀ ਸੰਗਰਾਮ ਵਿੱਚ ਭਗਤ ਸਿੰਘ ਦਾ ਜੋ ਯੋਗਦਾਨ ਸਿਲੇਬਸ ਦੀਆਂ ਕਿਤਾਬਾਂ ਵਿੱਚ ਪੜ੍ਹਨ-ਸੁਣਨ ਨੂੰ ਮਿਲਦਾ ਹੈ, ਉਸ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਉਸ ਨੂੰ ਆਪਣੇ ਆਦਰਸ਼ ਨਾਇਕ ਵਜੋਂ ਸਤਿਕਾਰ ਦਿੰਦੀ ਹੈ ਪਰ ਜਿੰਨਾ ਚਿਰ ਉਸ ਦੇ ਜੀਵਨ  ਫ਼ਲਸਫ਼ੇ ਨੂੰ ਉਸਦੀਆਂ ਲਿਖਤਾਂ ਦੇ ਰੂਪ ਵਿੱਚ ਪੜ੍ਹਿਆ ਤੇ ਵਿਚਾਰਿਆ ਨਹੀਂ ਜਾਂਦਾ, ਓਨੀ ਦੇਰ ਤਕ ਇਹ ਸਤਿਕਾਰ ਸਿਵਾਏ ਜਜ਼ਬਾਤੀ ਤਸੱਵੁਰ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਉਸਦੀਆਂ ਲਿਖਤਾਂ ਵਿਚਲੀ ਡੂੰਘਾਈ ਨੂੰ ਉਸ ਦੀ ਉਮਰ ਦੇ ਵਰ੍ਹਿਆਂ ਨਾਲ ਮਾਪ-ਤੋਲ ਕੇ ਵੇਖਦਿਆਂ ਉਸ ਇਨਕਲਾਬੀ ਨੌਜਵਾਨ ਦੀ ਪਰਵਾਜ਼ ਦੀ ਉਚਾਈ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਉਸ ਦੇ ਪ੍ਰਸ਼ੰਸਕਾਂ ਵਿੱਚੋਂ ਵੀ ਬਹੁਤ ਘੱਟ ਲੋਕ ਜਾਣਦੇ ਹਨ ਕਿ ਭਗਤ ਸਿੰਘ ਜੋਸ਼ੀਲਾ ਆਜ਼ਾਦੀ ਘੁਲਾਟੀਆ ਹੋਣ ਦੇ ਨਾਲ-ਨਾਲ ਇੱਕ ਬੁੱਧੀਜੀਵੀ ਵੀ ਸੀ। ਉਸ ਦਾ ਹੱਥ ਲਿਖਤ ਦਸਤਾਵੇਜ਼“‘ਮੈਂ ਨਾਸਤਿਕ ਕਿਉਂ ਹਾਂ’ ਜਿੱਥੇ ਉਸ ਦੀ ਬੁੱਧੀਜੀਵੀ ਸੋਚ-ਸਮਝ ਦੀ ਗਵਾਹੀ ਭਰਦਾ ਹੈ, ਉੱਥੇ ਸਾਡੇ ਸਾਰਿਆਂ ਸਾਹਮਣੇ ਕਈ ਮਹੱਤਵਪੂਰਨ ਸਵਾਲ ਵੀ ਖੜ੍ਹੇ ਕਰਦਾ ਹੈ। ਇਹ ਲੇਖ ਭਗਤ ਸਿੰਘ ਵੱਲੋਂ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾਏ ਜਾਣ (7 ਅਕਤੂਬਰ 1930) ਤੋਂ ਕੁਝ ਦਿਨ ਪਹਿਲਾਂ ਲਿਖਿਆ ਗਿਆ ਸੀ ਅਤੇ ਉਸ ਦੇ ਕਾਲ-ਕੋਠੜੀ ਵਿੱਚ ਤਬਦੀਲ ਹੋ ਜਾਣ ਤੋਂ ਬਾਅਦ ਉਸ ਦੇ ਘਰਦਿਆਂ ਨੂੰ ਮਿਲ ਗਿਆ ਸੀ ਅਤੇ ਇਹ 27 ਸਤੰਬਰ 1931 ਦੇ ‘ਦਿ ਪੀਪਲ’ ਨਾਮੀਂ ਹਫ਼ਤਾਵਾਰੀ ਅਖ਼ਬਾਰ ਵਿੱਚ ਛਾਪਿਆ ਵੀ ਗਿਆ ਸੀ। ਜੀਵਨ ਫ਼ਲਸਫ਼ੇ ਦਾ ਬੌਧਿਕ ਨਜ਼ਰੀਏ ਤੋਂ ਨਿਰੀਖਣ ਕਰਨ ਵਾਲੇ ਹਰ ਇਨਸਾਨ ਲਈ ਇਸ ਲੇਖ ਵਿੱਚੋਂ ਗੁਜ਼ਰਨਾ ਜ਼ਰੂਰੀ ਹੈ।
ਲੇਖ ਦੇ ਸ਼ੁਰੂ ਵਿੱਚ ਭਗਤ ਸਿੰਘ ਗਿਲਾ ਕਰਦਾ ਹੈ ਕਿ ਉਸ ਉਪਰ ਉਸ ਦੇ ਹੀ ਕੁਝ ਸਾਥੀਆਂ ਵੱਲੋਂ ਇਲਜ਼ਾਮ ਹੈ ਕਿ ਸਰਬ-ਸ਼ਕਤੀਮਾਨ ਰੱਬ ਦੀ ਹੋਂਦ ਵਿੱਚ ਉਸ ਦਾ ਅਵਿਸ਼ਵਾਸ ਉਸ ਦੇ ਅਹੰਕਾਰ ਕਰਕੇ ਹੈ। ਇਸ ਸਵਾਲ ਦੇ ਜਵਾਬ ਵਿੱਚ ਉਹ ਵਿਸਥਾਰ ਨਾਲ ਸਪਸ਼ਟੀਕਰਨ ਦੇ ਕੇ ਸਮਝਾਉਂਦਾ ਹੈ ਕਿ ਵਿਦਿਆਰਥੀ ਜੀਵਨ ਦੌਰਾਨ ਘੰਟਿਆਂਬੱਧੀ ਗਾਇਤਰੀ ਮੰਤਰ ਦਾ ਜਾਪ ਕਰਨ ਵਾਲੇ ਭਗਤ ਸਿੰਘ ਦਾ ਰੱਬ ਦੀ ਹੋਂਦ ਤੋਂ ਹੀ ਮੁਨਕਰ ਹੋ ਜਾਣ ਦਾ ਕਾਰਨ ਕੋਈ ਅਹੰਕਾਰ ਨਹੀਂ ਸੀ ਬਲਕਿ ਉਸ ਦੀ ਸੋਚਣ ਵਿਧੀ ਹੀ ਸੀ। ਉਸ  ਅਨੁਸਾਰ ਜਦੋਂ ਤਕ ਉਹ ਸਿਰਫ਼ ਇਨਕਲਾਬੀ ਪਾਰਟੀ ਦਾ ਮੈਂਬਰ ਹੀ ਸੀ, ਉਦੋਂ ਤਕ ਉਹ ਸਿਰਫ਼ ਰੁਮਾਂਟਿਕ ਵਿਚਾਰਵਾਦੀ ਇਨਕਲਾਬੀ ਸੀ, ਭਾਵ ਇਨਕਲਾਬੀ ਭਾਵਨਾ ਵਿੱਚ ਜਜ਼ਬਾਤ ਦਾ ਪਲੜਾ ਭਾਰੂ ਸੀ¢ਪਰ ਜਿਉਂ ਹੀ ਪਾਰਟੀ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਮੋਢਿਆਂ ’ਤੇ ਆਈ ਤਾਂ ਪਾਰਟੀ ਦੀ ਸਫ਼ਲਤਾ ਲਈ ਅਧਿਐਨ ਕਰਨ ਦਾ ਅਹਿਸਾਸ ਤੀਬਰਤਾ ਨਾਲ ਹੋਇਆ। ਬਾਕੂਨਿਨ, ਮਾਰਕਸ, ਲੈਨਿਨ ਅਤੇ ਨਿਰਲੰਬਾ ਸਵਾਮੀ ਦੀਆਂ ਲਿਖਤਾਂ ਦਾ ਅਧਿਐਨ ਕਰਨ ਨਾਲ ਉਸ ਦੇ ਪਹਿਲੇ ਅਕੀਦੇ ਤੇ ਵਿਸ਼ਵਾਸਾਂ ਵਿੱਚ ਬਹੁਤ ਵੱਡੀ ਤਬਦੀਲੀ ਆਈ।“ਹੁਣ ਰਹੱਸਵਾਦ ਅਤੇ ਅੰਧ-ਵਿਸ਼ਵਾਸ ਵਾਸਤੇ ਕੋਈ ਥਾਂ ਨਾ ਰਹੀ,¢ਯਥਾਰਥਵਾਦ ਹੀ ਸਾਡਾ ਸਿਧਾਂਤ ਹੋ ਗਿਆ…1926 ਦੇ ਅਖੀਰ ਤਕ ਮੇਰਾ ਇਹ ਵਿਸ਼ਵਾਸ ਪੱਕਾ ਹੋ ਚੁੱਕਾ ਸੀ ਕਿ ਬ੍ਰਹਿਮੰਡ ਦੇ ਸਿਰਜਕ, ਪਾਲਣਹਾਰ ਅਤੇ ਸਰਬ-ਸ਼ਕਤੀਮਾਨ ਦੀ ਹੋਂਦ ਦਾ ਸਿਧਾਂਤ ਬੇਬੁਨਿਆਦ ਹੈ। ਮੈਂ ਇਸ ਵਿਸ਼ੇ ਬਾਰੇ ਆਪਣੇ ਦੋਸਤਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।
ਡਾ. ਮਨਦੀਪ ਕੌਰ
ਮਈ 1927 ਵਿੱਚ ਭਗਤ ਸਿੰਘ ਨੂੰ ਲਾਹੌਰ ਵਿੱਚ 1926 ਦੇ ਦੁਸਹਿਰਾ ਬੰਬ-ਕਾਂਡ ਵਿੱਚ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਅਫ਼ਸਰਾਂ ਨੇ ਉਸ ਨੂੰ ਇਨਕਲਾਬੀ ਪਾਰਟੀ ਦੀਆਂ ਸਰਗਰਮੀਆਂ ਬਾਰੇ ਖ਼ੁਲਾਸਾ ਕਰਨ ਦੇ ਬਦਲੇ ਵਾਅਦਾ-ਮੁਆਫ਼ ਗਵਾਹ ਬਣ ਜਾਣ ਦਾ ਲਾਲਚ ਦਿੱਤਾ ਪਰ ਅਸਫ਼ਲ ਹੋਣ ’ਤੇ ਉਸ ਉਪਰ ਕਾਕੋਰੀ ਕਾਂਡ ਤੇ ਬੰਬ ਕਾਂਡ ਦੋਵਾਂ ਦਾ ਮੁਲਜ਼ਮ ਹੋਣ ਲਈ ਮੁਕੱਦਮੇ ਚਲਾਉਣ ਦਾ ਡਰਾਵਾ ਦਿੱਤਾ।“ਉਸੇ ਦਿਨ ਤੋਂ ਕੁਝ ਪੁਲੀਸ ਅਫ਼ਸਰ ਉਸ ਨੂੰ ਦੋਵੇਂ ਵੇਲੇ ਰੱਬ ਦਾ ਨਾਂ ਲੈਣ ਲਈ ਪ੍ਰੇਰਿਤ ਕਰਨ ਲੱਗ ਪਏ। ਉਹ ਤਾਂ ਨਾਸਤਿਕ ਸੀ। ਉਹ ਆਪਣੇ-ਆਪ ਨਾਲ ਫ਼ੈਸਲਾ ਕਰਨਾ ਚਾਹੁੰਦਾ ਸਾਂ ਕਿ ਕੀ ਉਹ ਅਮਨ-ਚੈਨ ਅਤੇ ਖ਼ੁਸ਼ੀ ਦੇ ਦਿਨਾਂ ਵਿੱਚ ਹੀ ਨਾਸਤਿਕ ਹੋਣ ਦੀ ਫੜ੍ਹ ਮਾਰ ਸਕਦਾ ਹੈ ਜਾਂ ਅਜਿਹੀ ਔਖੀ ਘੜੀ ਵਿੱਚ ਵੀ ਆਪਣੇ ਅਸੂਲਾਂ ਉੱਤੇ ਕਾਇਮ ਰਹਿ ਸਕਦਾ ਹੈ ਜਾਂ ਨਹੀਂ? ਬੜੀ ਸੋਚ-ਵਿਚਾਰ ਮਗਰੋਂ ਉਸ ਨੇ ਫ਼ੈਸਲਾ ਕੀਤਾ ਕਿ ਉਹ ਰੱਬ ਵਿੱਚ ਯਕੀਨ ਨਹੀਂ ਕਰ ਸਕਦਾ ਅਤੇ ਨਾ ਹੀ ਅਰਦਾਸ ਕਰ ਸਕਦਾ ਹੈ। ਉਸ ਨੇ ਕਦੇ ਵੀ ਅਰਦਾਸ ਨਹੀਂ ਕੀਤੀ। ਇਹ ਪਰਖ ਦੀ ਘੜੀ ਸੀ ਅਤੇ ਉਹ ਉਸ ਵਿੱਚ ਕਾਮਯਾਬ ਰਿਹਾ।
ਦੂਜੀ ਗ੍ਰਿਫ਼ਤਾਰੀ ਦੌਰਾਨ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਦੀ ਆਪਣੀ ਮਾਨਸਿਕ ਹਾਲਤ ਪੂਰੀ ਇਮਾਨਦਾਰੀ ਨਾਲ ਉਹ ਇਸ ਤਰ੍ਹਾਂ ਬਿਆਨ ਕਰਦਾ ਹੈ- ‘‘ਮੈਨੂੰ ਪਤਾ ਹੈ ਕਿ ਹੁਣ ਦੀਆਂ ਹਾਲਤਾਂ ਵਿੱਚ ਜੇ ਮੈਂ ਆਸਤਕ ਹੁੰਦਾ ਤਾਂ ਮੇਰੀ ਜ਼ਿੰਦਗੀ ਹੁਣ ਨਾਲੋਂ ਆਸਾਨ ਹੋਣੀ ਸੀ ਅਤੇ ਮੇਰਾ ਬੋਝ ਹੁਣ ਨਾਲੋਂ ਘੱਟ ਹੋਣਾ ਸੀ। ਮੇਰਾ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਕਰਕੇ ਹਾਲਾਤ ਬਹੁਤ ਹੀ ਅਣਸੁਖਾਵੇਂ ਹੋ ਗਏ ਹਨ ਤੇ ਹਾਲਤ ਇਸ ਤੋਂ ਵੀ ਭੈੜੀ ਹੋ ਸਕਦੀ ਹੈ। ਥੋੜ੍ਹਾ ਜਿੰਨਾ ਰਹੱਸਵਾਦ ਇਸ ਹਾਲਤ ਨੂੰ ਸ਼ਾਇਰਾਨਾ ਬਣਾ ਸਕਦਾ ਹੈ ਪਰ ਮੈਨੂੰ ਆਪਣੇ ਅੰਤ ਵਾਸਤੇ ਕਿਸੇ ਨਸ਼ੇ ਦੀ ਮਦਦ ਦੀ ਲੋੜ ਨਹੀਂ ਹੈ। ਮੈਂ ਯਥਾਰਥਵਾਦੀ ਹਾਂ। ਮੈਂ ਤਰਕ ਦੀ ਮਦਦ ਨਾਲ ਇਸ ਰੁਝਾਨ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ। ਮੈਂ ਇਸ ਕੋਸ਼ਿਸ਼ ਵਿੱਚ ਹਮੇਸ਼ਾਂ ਹੀ ਸਫ਼ਲ ਨਹੀਂ ਹੁੰਦਾ¢ਪਰ ਬੰਦੇ ਦਾ ਫ਼ਰਜ਼ ਤਾਂ ਕੋਸ਼ਿਸ਼ ਕਰੀ ਜਾਣਾ ਹੁੰਦਾ ਹੈ। ਕਾਮਯਾਬੀ ਮੌਕੇ ’ਤੇ ਹਾਲਾਤ ਉੱਤੇ ਨਿਰਭਰ ਹੁੰਦੀ ਹੈ।’’
ਭਗਤ ਸਿੰਘ ਦਾ ਗਿਲਾ ਹੈ ਕਿ ਹਿੰਦੁਸਤਾਨ ਦੇ ਵੱਖ-ਵੱਖ ਧਰਮਾਂ ਦੇ ਬੁਨਿਆਦੀ ਸਿਧਾਂਤਾਂ ਵਿੱਚ ਵੀ ਵੱਡੇ ਮਤਭੇਦ ਹਨ ਪਰ ਹਰ ਕੋਈ ਆਪਣੇ-ਆਪ ਨੂੰ ਦਰੁਸਤ ਮੰਨਦਾ ਹੈ। ਉਸ ਅਨੁਸਾਰ ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, ਉਸ ਨੂੰ ਲਾਜ਼ਮੀ ਤੌਰ ’ਤੇ ਪ੍ਰਚੱਲਤ ਵਿਸ਼ਵਾਸ ਦੀ ਇਕੱਲੀ-ਇਕੱਲੀ ਗੱਲ ਦੀ ਬਾਦਲੀਲ ਪੁਣਛਾਣ ਕਰਨੀ ਹੋਵੇਗੀ।¢ਹਾਂ! ਜੇ ਕੋਈ ਦਲੀਲ ਨਾਲ ਕਿਸੇ ਸਿਧਾਂਤ ਜਾਂ ਫ਼ਲਸਫ਼ੇ ਵਿੱਚ ਵਿਸ਼ਵਾਸ ਕਰਨ ਲੱਗਦਾ ਹੈ ਤਾਂ ਉਸ ਦਾ ਵਿਸ਼ਵਾਸ ਸਲਾਹੁਣਯੋਗ ਹੈ। ਭਗਤ ਸਿੰਘ ਆਸਤਕਾਂ ਕੋਲੋਂ ਕੁਝ ਸਵਾਲ ਪੁੱਛਦਾ ਹੈ:
1. ਜੇ ਕੋਈ ਸਰਬ-ਸ਼ਕਤੀਮਾਨ, ਸਰਬਗਿਆਤਾ ਰੱਬ ਹੈ ਤਾਂ ਉਸ ਨੇ ਉਹ ਧਰਤੀ ਜੋ ਦੁੱਖਾਂ-ਆਫ਼ਤਾਂ ਨਾਲ ਭਰੀ ਪਈ ਹੈ, ਸਾਜੀ ਹੀ ਕਿਉਂ? ਜੇ ਇਸ ਦਾ ਕਾਰਨ ਉਸ ਦੀ
ਲੀਲ੍ਹਾ ਜਾਂ ਖੇਲ੍ਹ ਹੈ ਤਾਂ ਫਿਰ ਉਸ ਵਿੱਚ ਅਤੇ ਨੀਰੋ ਜਾਂ ਚੰਗੇਜ਼ ਖਾਨ ਵਿੱਚ ਕੀ ਫ਼ਰਕ ਹੋਇਆ ਜਿਨ੍ਹਾਂ ਨੇ ਆਪਣੇ ਮਨ ਦੀ ਮੌਜ ਖ਼ਾਤਰ ਹਜ਼ਾਰਾਂ ਲੋਕਾਂ ਨੂੰ ਦੁਖੀ ਕੀਤਾ?
2. ਕੀ ਅੱਜ ਮਨੁੱਖ ਜਿਹੜਾ ਵੀ ਦੁੱਖ ਝੱਲ ਰਿਹਾ ਹੈ, ਉਹ ਪੂਰਬਲੇ ਜਨਮ ਦੇ ਮੰਦੇ ਕਰਮਾਂ ਕਰਕੇ ਹੈ? ਜਿਹੜੇ ਅੱਜ ਲੋਕਾਂ ਨੂੰ ਦਬਾ ਰਹੇ ਹਨ, ਕੀ ਉਹ ਪਿਛਲੇ ਜਨਮ ਵਿੱਚ
ਧਰਮਾਤਮਾ ਲੋਕ ਸਨ?
3. ਜੇ ਰੱਬ ਸਰਬ-ਸ਼ਕਤੀਮਾਨ ਹੈ ਤਾਂ ਹਰ ਕਿਸੇ ਨੂੰ ਕਸੂਰ ਜਾਂ ਪਾਪ ਕਰਨੋਂ ਵਰਜਦਾ ਕਿਉਂ ਨਹੀਂ? ਉਸ ਲਈ ਤਾਂ ਇਹ ਕੰਮ ਬੜਾ ਸੌਖਾ ਹੈ। ਉਸ ਨੇ ਜੰਗਬਾਜ਼ਾਂ ਨੂੰ
ਕਿਉਂ ਨਾ ਜਾਨੋਂ ਮਾਰਿਆ ਅਤੇ ਵੱਡੀ ਜੰਗ ਨਾਲ ਮਨੁੱਖਤਾ ਉਪਰ ਆਈ ਪਰਲੋ ਨੂੰ ਕਿਉਂ ਨਾ ਬਚਾਇਆ?
ਇੱਕ ਵਾਰ ਭਗਤ ਸਿੰਘ ਦੇ ਕਰੀਬੀ ਦੋਸਤ ਨੇ ਉਸ ਨੂੰ ਵੰਗਾਰਿਆ ਕਿ ਦੇਖੀਂ ਆਪਣੇ ਆਖ਼ਰੀ ਦਿਨਾਂ ਵਿੱਚ ਤੂੰ ਰੱਬ ਨੂੰ ਮੰਨਣ ਲੱਗ ਜਾਵੇਂਗਾ। ਉਸ ਨੇ ਅੱਗੋਂ ਕਿਹਾ,‘‘ਨਹੀਂ ਪਿਆਰੇ ਜਨਾਬ ਜੀ! ਇਸ ਤਰ੍ਹਾਂ ਹਰਗਿਜ਼ ਨਹੀਂ ਹੋਣ ਲੱਗਾ। ਇੰਜ ਕਰਨਾ ਮੇਰੇ ਲਈ ਬੜੀ ਘਟੀਆ ਤੇ ਪਸਤੀ ਵਾਲੀ ਗੱਲ ਹੋਵੇਗੀ। ਖ਼ੁਦਗ਼ਰਜ਼ੀ ਵਾਸਤੇ ਮੈਂ ਅਰਦਾਸ ਨਹੀਂ ਕਰਨੀ।
ਵਿਚਾਰਨ ਵਾਲੀ ਗੱਲ ਇਹ ਹੈ ਕਿ ਇਹ ਜੋ 22-23 ਵਰ੍ਹਿਆਂ ਦੇ ਇਨਕਲਾਬੀ ਗੱਭਰੂ ਨੇ ਬਾਦਲੀਲ ਸਵਾਲ ਸਾਡੇ ਸਾਹਮਣੇ ਰੱਖੇ ਹਨ, ਉਨਾਂ ਨੂੰ ਅਣਗੌਲਿਆਂ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਸਾਡੇ ਕੋਲ ਤਾਂ ਹੁਣ ਇਸ ਦੇ ਦੋ ਹੀ ਬਦਲ ਮੌਜੂਦ ਹਨ। ਜਾਂ ਤਾਂ ਉਸ ਦੇ ਸਵਾਲਾਂ ਦੇ ਜੁਆਬ ਦੇਣ ਲਈ ਦਲੀਲਾਂ ਸਾਹਮਣੇ ਲੈ ਕੇ ਆਈਏ ਜੋ ਕਿ ਵਿਗਿਆਨਕ ਤੇ ਮੰਨਣਯੋਗ ਹੋਣ¢ਤੇ ਜੇ ਅਸੀਂ ਅਜਿਹਾ ਕਰਨ ਵਿੱਚ ਨਾਕਾਮਯਾਬ ਰਹਿੰਦੇ ਹਾਂ ਤਾਂ ਸਾਨੂੰ ਆਪਣੇ ਧਾਰਮਿਕ ਅਕੀਦੇ ਬਾਰੇ ਦੁਬਾਰਾ ਸੋਚਣ ਦੀ ਲੋੜ ਹੈ। ਇਹ ਸਵਾਲ ਚੁਣੌਤੀ ਭਰਿਆ ਹੈ। ਇਸ ਦਾ ਮਕਸਦ ਥੋੜ੍ਹੀ-ਬਹੁਤ ਵੀ ਸੁਹਿਰਦਤਾ ਰੱਖਣ ਵਾਲੀ ਨੌਜਵਾਨ ਪੀੜ੍ਹੀ ਨੂੰ ਆਪਣੇ ਜੀਵਨ ਵਿੱਚ ਬੌਧਿਕ ਵਿਚਾਰਧਾਰਾ ਨੂੰ ਅਪਨਾਉਣ ’ਤੇ ਜ਼ੋਰ ਦੇਣਾ ਹੈ। ਕਿਸੇ ਵੀ ਸਮੱਸਿਆ ਦੇ ਹੱਲ ਲਈ ਪਹਿਲਾਂ ਸਵਾਲਾਂ ਦਾ ਉੱਠਣਾ ਜ਼ਰੂਰੀ ਹੈ। ਭਗਤ ਸਿੰਘ ਦਾ ਨਾਸਤਿਕ ਹੋ ਜਾਣਾ ਉਸ ਵੇਲੇ ਦੇ ਨਾਮ ਧਰੀਕ ਧਰਮਾਂ ਵੱਲੋਂ ਪੇਸ਼ ਕੀਤੀ ਗਈ ਕੱਟੜਪੰਥੀ ਤਸਵੀਰ ਅਤੇ ਉਸ ਦੀ ਇਸ ਵਿਸ਼ੇ ਬਾਰੇ ਤਰਕ ਦੇ ਆਧਾਰਿਤ ਖੋਜ ਦਾ ਸਿੱਟਾ ਸੀ ਜਦੋਂਕਿ ਸਾਡੇ ਵਿੱਚੋਂ 99 ਫ਼ੀਸਦੀ ਆਸਤਿਕ ਬਿਨਾਂ ਕਿਸੇ ਖੋਜ-ਪੜਤਾਲ ਤੋਂ ਕੇਵਲ ਜਨਮਜਾਤ ਤੇ ਪਰੰਪਰਾਗਤ ਵਿਸ਼ਵਾਸਾਂ ਦੇ ਆਧਾਰ ’ਤੇ ਆਸਤਿਕ ਹੋਣ ਦਾ ਦਾਅਵਾ ਕਰਦੇ ਹਾਂ। ਭਗਤ ਸਿੰਘ ਦੀ ਨਾਸਤਿਕਤਾ ਦਾ ਆਧਾਰ ਮਜ਼ਬੂਤ ਸੀ ਜਦਕਿ ਸਾਡੀ ਆਸਤਿਕਤਾ ਦਾ ਥੰਮ੍ਹ ਕਮਜ਼ੋਰ ਹੈ। ਆਖ਼ਰ¢ਕਿਉਂ ਅਸੀਂ ਇਨ੍ਹਾਂ ਵਿਸ਼ਿਆਂ ’ਤੇ ਖੁੱਲ੍ਹੇ ਦਿਲ ਨਾਲ ਵਿਚਾਰ-ਵਟਾਂਦਰਾ ਕਰ ਕੇ ਕੋਈ ਸਾਰਥਕ ਹੱਲ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ? ਅਜਿਹੇ ਸਵਾਲ ਕੇਵਲ ਭਗਤ ਸਿੰਘ ਦੇ ਹੀ ਨਹੀਂ ਸਗੋਂ ਸਾਡੇ ਸਾਰਿਆਂ ਦੇ ਮਨ ਵਿੱਚ ਉੱਠਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਦੇ ਜਵਾਬ ਵਿੱਚ ਹੀ ਸਾਡੇ ਮਨੁੱਖੀ ਜੀਵਨ ਵਿੱਚ ਆਉਣ ਦਾ ਮਕਸਦ ਛੁਪਿਆ ਹੋਇਆ ਹੈ। ਨਾਸਤਿਕਤਾ ਤਾਂ ਕੀ ਆਸਤਿਕਤਾ ਦੇ ਰਾਹ ’ਤੇ ਤੁਰਦਿਆਂ ਵੀ ਇਨ੍ਹਾਂ ਸਵਾਲਾਂ ਦੇ ਹੱਲ ਲੱਭੇ ਬਿਨਾਂ ਇੱਕ ਪੈਰ ਵੀ ਦਰੁਸਤ ਨਹੀਂ ਪੁੱਟਿਆ ਜਾ ਸਕਦਾ।

No comments: