Saturday 19 March 2022

ਭਗਤ ਸਿੰਘ ਦੀਆਂ ਸਿਰਫ ਚਾਰ ਅਸਲ ਤਸਵੀਰਾਂ ਚਮਨ ਲਾਲ

     













 


  ਭਗਤ ਸਿੰਘ ਦੀਆਂ ਸਿਰਫ ਚਾਰ ਅਸਲ ਤਸਵੀਰਾਂ

                            ਚਮਨ ਲਾਲ*

      ਭਗਤ ਸਿੰਘ ਕਿਸੇ ਨਾ ਕਿਸੇ ਕਰਨ ਚਰਚਾ ਵਿੱਚ ਰਹਿੰਦਾ ਹੈਤਾਜ਼ੀ ਚਰਚਾ ਉਸ ਦੀਆਂ ਦਿੱਲੀ ਤੇ ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਤਸਵੀਰਾਂ ਲਾਉਣ ਨਾਲ ਸ਼ੁਰੂ ਹੋਈ ਹੈ। 1970 ਤੱਕ ਭਗਤ ਸਿੰਘ ਦੀ ਸਿਰਫ ਇੱਕ ਤਸਵੀਰ ਹੀ ਜਨਤਾ ਵਿੱਚ ਪ੍ਰਚਲਤ ਸੀ-ਉਹ ਸੀ ਹੇਟ ਤੇ ਖਾਕੀ ਕਮੀਜ਼ ਨਿੱਕਰ ਵਾਲੀ ਤਸਵੀਰ, ਜਿਸ ਲਿਬਾਸ ਵਿੱਚ ਉਸ ਨੇ ਬੀ ਕੇ ਦੱਤ ਨਾਲ ਕੇਂਦਰੀ ਅਸੇਂਬਲੀ ਜਾਂ ਅੱਜ ਦੀ ਪਾਰਲੀਮੈਂਟ 8 ਅਪ੍ਰੈਲ 1929 ਨੂੰ ਬੰਬ ਸਿੱਟਿਆ ਸੀ ਇਹ ਤਸਵੀਰ ਦੋਵਾਂ ਨੇ 4 ਅਪ੍ਰੈਲ 1929 ਨੂੰ ਕਸ਼ਮੀਰੀ ਗੇਟ ਦੇ ਫੋਟੋਗ੍ਰਾਫਰ ਰਾਮ ਨਾਥ ਤੋਂ ਖਿਚਵਾਈ ਸੀ, ਜਿਸਨੇ ਲਾਹੌਰ ਸਾਜ਼ਿਸ਼ ਕੇਸ ਵਿੱਚ ਇਸ ਬਾਰੇ ਗਵਾਹੀ ਵੀ ਦਿੱਤੀ ਸੀ।ਏਹ ਫੋਟੋ ਦੋਵਾਂ ਨੇ ਬੰਬ ਕੇਸ ਵਿੱਚ ਪਰਚਾਰ ਹਿਤ ਹੀ ਖਿਚਾਈਆਂ ਸਨ । ਇਹ ਫੋਟੋ ਭਗਤ ਸਿੰਘ ਦੇ ਸਾਥੀ ਨੇਗੇਟਿਵ ਸਮੇਤ ਫੋਟੋਗ੍ਰਾਫਰ ਤੋਂ ਲੈ ਗਏ ਸਨ। ਇਸਦੀਆਂ ਕਾਪੀਆਂ ਉਹਨਾਂ ਨੇ ਲਾਹੌਰ ਦੇ ਬੰਦੇ ਮਾਤਰਮ )ਉਰਦੂ ਰੋਜ਼ਾਨਾ) ਅਤੇ ਦਿੱਲੀ ਦੇ ਅੰਗਰੇਜ਼ੀ ਰੋਜ਼ਾਨਾ ਹਿੰਦੁਸਤਾਨ ਟਾਇਮਸ ਦੇ ਦਫਤਰਾਂ ਵਿੱਚ ਗੁਪਤ ਤਰੀਕੇ ਨਾਲ ਪੁਚਾ ਦਿੱਤੀਆਂ ਸਨ। ਬੰਦੇ ਮਾਤਰਮ ਨੇ ਪਹਿਲੀ ਵਾਰ 12 ਅਪ੍ਰੈਲ 1929 ਅਤੇ ਹਿੰਦੁਸਤਾਨ ਟਾਇਮਸ ਨੇ 18 ਅਪ੍ਰੈਲ 1929 ਦੇ ਅੰਕ ਵਿੱਚ ਏਹ ਤਸਵੀਰਾਂ  ਪਹਿਲੀ ਵਾਰ ਛਾਪੀਆਂ।ਬੰਦੇ ਮਾਤਰਮ ਅਤੇ ਹਿਦੁਸਟਨ ਟਾਇਮਸ ਦੇ ਇੰਨਾ ਤਾਰੀਖਾਂ ਦੇ ਭਗਤ ਸਿੰਘ ਤੇ ਦੱਤ ਦੀਆਂ ਫੋਟੋ ਵਾਲੇ ਸਫੇ ਇਸ ਲੇਖਕ ਨੇ ਇਸ ਲੇਖਕ ਨੇ ਨੇਸ਼ਨਲ ਅਰਕਾਇਵਸ ਆਫ ਇੰਡੀਆ ਤੋਂ ਹਾਸਲ ਕੀਤੇ ਸਨ।  ਭਗਤ ਸਿੰਘ ਦੇ ਸਾਥੀਆਂ ਨੇ ਦੱਸਿਆ ਹੈ ਕਿ ਰਾਮਨਾਥ ਫੋਟੋਗ੍ਰਾਫਰ ਸਰਕਾਰ ਵਲੋਂ ਫੋਟੋ ਖਿੱਚਣ ਲਈ ਲਾਇਆ ਹੋਇਆ ਸੀ ਅਤੇ ਉਹ ਜੇਲ ਵਿੱਚ ਵੀ ਆਉਂਦਾ ਰਹਿੰਦਾ ਸੀ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਰਕਾਰੀ ਰਿਕਾਰਡ ਵਿੱਚ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀਆਂ ਹੋਰ ਤਸਵੀਰਾਂ ਵੀ ਹੋ ਸਕਦੀਆਂ ਹਨ, ਖ਼ਾਸ ਕਰ ਭੁੱਖ ਹੜਤਾਲ ਅਤੇ ਫਾਂਸੀ ਵੇਲੇ ਜਾਂ ਫਾਂਸੀ ਬਾਅਦ ਦੀਆਂ ਫੋਟੋਜ਼। ਪਰ ਕਿਓਂਕੀ ਲਾਹੋਰ ਸਾਜ਼ਿਸ਼ ਕੇਸ ਦੀਆਂ 134 ਫਾਇਲਾਂ ਭਾਰਤ ਜਾਂ ਪੰਜਾਬ ਸਰਕਾਰ ਨੇ ਪਾਕਿਸਤਾਨ ਦੀ ਪੰਜਾਬ ਸਰਕਾਰ ਤੋਂ ਨਕਲ ਜਾਂ ਅਸਲ ਰੂਪ ਵਿੱਚ ਲੈਣ ਲਈ ਕੋਈ ਜਤਨ ਹੀ ਨਹੀਂ ਕੀਤੇ, ਇਸ ਕਰਕੇ ਉਹਨਾਂ ਫਾਇਲਾਂ ਵਿੱਚ ਛੂਪੇ ਰਾਜ਼ ਜਾਂ ਦਸਤਾਵੇਜ਼ ਸਾਹਮਣੇ ਹੀ ਨਹੀਂ ਆ ਰਹੇ। 23 ਮਾਰਚ 2018 ਨੂੰ ਲਾਹੌਰ ਵਿੱਚ ਉਥੋਂ  ਦੇ ਪੰਜਾਬ ਆਰਕਾਇਵਜ਼ ਨੇ ਪਹਿਲੀ ਵਾਰ  ਲਾਹੌਰ ਸਾਜ਼ਿਸ਼ ਕੇਸ ਦੇ ਕੁਝ ਚੋਣਵੇਂ ਦਸਤਾਵੇਜ਼ਾਂ ਦੀ ਨੁਮਾਇਸ਼ ਲਾਈ ਸੀ, ਜਿਸ ਵਿਚੋਂ ਮੈਨੂੰ ਭਗਤ ਸਿੰਘ ਦੇ ਲਿਖੇ ਪੰਜ ਨਵੇਂ ਦਸਤਾਵੇਜ਼ ਲਭ ਗਏ ਸਨ ਜੋ ਮੈਂ ਅੰਗਰੇਜ਼ੀ ਵਿੱਚ ਸੰਪਾਦਤ ਆਪਣੀ ਕਿਤਾਬ ਵਿੱਚ ਸ਼ਾਮਿਲ ਕਰ ਲਏ ਸਨ। ਭਾਰਤ ਤੇ ਪੰਜਾਬ ਸਰਕਾਰ ਨੂੰ ਉਸ ਵੇਲੇ ਇਹ ਫਾਇਲਾਂ ਹਸਲਾ ਕਰਨ ਲਈ  ਲਿਖੇ ਮੇਰੇ ਸਾਰੇ ਖ਼ਤ ਜਾਂ ਈਮੇਲਜ਼ ਨੂੰ ਰੱਦੀ ਦੀ ਟੋਕਰੀ ਹੀ ਨਸੀਬ ਹੋਈ, ਕਿਓਂਕੇ ਕਿਸੇ ਦੀ ਰਸੀਦ ਤੱਕ ਮੇਰੇ ਕੋਲ ਨਹੀਂ ਪਹੁੰਚੀ।

   ਭਗਤ ਸਿੰਘ ਦੀਆਂ ਹਾਸਲ ਸਿਰਫ ਚਾਰ ਅਸਲ ਤਸਵੀਰਾਂ  ਵਿਚੋਂ ਹੇਟ ਵਾਲੀ ਤਸਵੀਰ ਤੋਂ ਪਹਿਲਾਂ ਵਾਲੀ ਤਸਵੀਰ ਵੀ ਪੁਲਿਸ ਹਿਰਾਸਤ ਵਿੱਚ ਖਿਚੀ ਗਈ ਸੀ। 29 ਮਈ 1927 ਤੋਂ 5 ਜੁਲਾਈ 1929 ਤੱਕ ਭਗਤ ਸਿੰਘ ਪਹਿਲੀ ਵਾਰ ਲਾਹੌਰ ਪੁਲਿਸ ਦੀ ਹਿਰਾਸਤ ਵਿੱਚ ਰਿਹਾ, ਜਿਸ ਦੌਰਾਨ ਉਸਤੇ ਭੈੜੀ ਤਰਾਂ ਤਸ਼ਦਦ ਵੀ ਕੀਤਾ ਗਿਆ ਸੀ, ਉਸ ਵੇਲੇ ਵੀ ਕਿਸੇ ਸਰਕਾਰੀ ਫੋਟੋਗ੍ਰਾਫਰ ਨੇ ਉਹਨਾਂ ਦੀ ਪੁਛਤਾਛ ਦੀ ਫੋਟੋ ਖਿਚੀ ਸੀ, ਜਿਸ ਵਿੱਚ ਇੱਕ ਪੁਲਿਸ ਅਫਸਰ ਭਗਤ ਸਿੰਘ ਤੋਂ ਖੁਲੇ ਕੇਸ਼ਾਂ ਨਾਲ ਮੰਜੀ ਤੇ ਬੈਠੇ ਤੋਂ ਪੁਛ ਪੜਤਾਲ ਕਰ ਰਿਹਾ ਹੈ। ਇਹ ਫੋਟੋ ਚੋਰੀ ਨਾਲ ਕਿਸੇ ਵਕੀਲ ਦੇ ਮੁਨਸ਼ੀ ਨੇ ਪੁਲਿਸ ਰਿਕਾਰਡ ਵਿਚੋਂ ਕਢ ਲਈ ਸੀ ਅਤੇ 1947 ਤੋਂ ਬਾਅਦ ਕਿਸੇ ਸਮੇਂ ਉਸੇ ਸੱਜਣ ਨੇ ਇਹ ਫੋਟੋ ਭਗਤ ਸਿੰਘ ਦੇ ਛੋਟੇ ਭਰਾ ਕੁਲਬੀਰ ਸਿੰਘ ਨੂੰ ਦੇ ਦਿੱਤੀ ਸੀ।

      ਭਗਤ ਸਿੰਘ ਦੀ ਇਸ ਤੋਂ ਪਿਛਲੀ ਫੋਟੋ ਵੀ ਅਸਲ ਤੇ ਪਰਮਾਣਿਕ ਹੈ, ਜੋ 1923 ਵਿੱਚ ਨੇਸ਼ਨਲ ਕਾਲਿਜ ਦੇ ਇੱਕ ਗ੍ਰੁਪ ਰੂਪ ਵਿੱਚ ਮਿਲਦੀ ਹੈ। ਇਸ ਫੋਟੋ ਵਿੱਚ ਭਗਤ ਸਿੰਘ ਚਿੱਟੇ ਕੁਰਤੇ ਪਜਾਮੇ ਅਤੇ ਚਿੱਟੀ ਪੱਗ ਵਿੱਚ ਪਿਛਲੀ ਕਤਾਰ ਵਿੱਚ ਸਭ ਤੋਂ ਸੋਹਣਾ ਤੇ ਲੱਮ ਸਲੱਮਾ ਨਜ਼ਰ ਆਉਂਦਾ ਹੈ। ਇਸੇ ਗਰੁਪ ਫੋਟੋ ਵਿਚੋਂ ਇੱਕਲੀ ਭਗਤ ਸਿੰਘ ਦੀ ਚਿੱਟੀ ਪੱਗ ਦੇ ਕੁਰਤੇ ਪਜਾਮੇ ਵਾਲੀ  ਫੋਟੋ ਵਖਰੀ ਕੱਢ ਕੇ ਪ੍ਰਚਲਤ ਹੋਈ ਹੈ।

    ਭਗਤ ਸਿੰਘ ਦੀ ਆਖਰੀ ਤੇ ਕਾਲ ਕਰਮ ਵਿੱਚ ਸਭ ਤੋਂ ਪਹਿਲੀ ਫੋਟੋ ਘਰ ਅੰਦਰ ਕਰੀਬ 11 ਸਾਲ ਦੀ ਉਮਰ ਦੀ ਹੈ, ਜਿਸ ਵਿੱਚ ਉਸ ਕੁਰਤੇ ਪਜਾਮੇ ਤੇ ਚਿੱਟੀ ਪੱਗ ਵਿੱਚ ਕੁਰਸੀ ਤੇ ਬੈਠਾ ਹੈ। ਇਹ ਫੋਟੋ ਪਰਵਾਰ ਨੇ ਕਿਸੇ ਫੋਟੋਗ੍ਰਾਫਰ ਤੋਂ ਖਿਚਵਾਈ ਹੋਣੀ ਹੈ ਤੇ ਸ਼ਾਇਦ ਚੱਕ ਨ 105 ਲਾਇਲਪੁਰ ਬੰਗੇ ਵਾਲੇ ਘਰ ਦੀ ਹੋ ਸਕਦੀ ਹੈ

   ਇੰਨਾ ਚਾਰ ਫੋਟੋਜ ਤੋਂ ਇਲਾਵਾ ਹਾਲੀ ਤੱਕ ਭਗਤ ਸਿੰਘ ਦੀ ਕੋਈ ਹੋਰ ਅਸਲ ਤਸਵੀਰ ਸਾਹਮਣੇ ਨਹੀਂ ਆ ਸਕੀ ਹੈ, ਹਾਲਾਂਕਿ ਲਾਹੌਰ ਸਾਜ਼ਿਸ਼ ਕੇਸ ਦੀਆਂ ਲਾਹੌਰ ਪਈਆਂ 134 ਫਾਇਲਾਂ  ਵਿਚੋਂ ਕੋਈ ਹੋਰ ਫੋਟੋਗ੍ਰਾਫ ਮਿਲ ਵੀ ਸਕਦੀ ਹੈ, ਪਰ ਇਹ ਫਾਇਲਾਂ ਪੰਜਾਬ ਸਰਕਾਰ ਹਾਸਿਲ ਕਰੇ ਤਦ ਹੀ ਮੁਮਕਿਨ ਹੈ, ਭਗਤ ਸਿੰਘ ਦੀਆਂ ਕਈ ਲਿਖਤਾਂ ਵੀ ਉੱਨਾਂ ਫਾਇਲਾਂ ਵਿਚੋਂ ਲਭ ਸਕਦੀਆਂ ਹਨ ।

       ਇੰਨਾ ਚਾਰ ਅਸਲ ਤਸਵੀਰਾਂ ਤੋਂ ਬਿਨਾ ਆਮ ਜਨਤਾ ਤੇ ਕਲਾਕਾਰਾਂ ਨੇ ਭਗਤ ਸਿੰਘ ਦੀਆਂ ਅਨੇਕਾਂ ਕਾਲਪਨਿਕ ਤਸਵੀਰਾਂ ਸਿਰਜੀਆਂ ਹਨ, ਕੁਝ ਉੱਨਾਂ ਵਿੱਚ ਸੁਹਜ ਪਖੋਂ ਚੰਗੀਆਂ ਹਨ, ਪਰ ਜਿਆਦਾਤਰ ਸੁਹਜ ਦੇ ਪਖੋਂ ਭੈੜੀਆਂ ਕਿਰਤਾਂ ਹਨ। ਪੀਲੀ ਪੱਗ ਵਾਲਾ ਚਿਤ੍ਰ ਵੀ ਕਿਸੇ ਕਲਾਕਾਰ ਦਾ ਹੀ  ਸਿਰਜਿਆ ਹੋਇਆ ਹੈ, ਇਸ ਗੀਤ ਨੂੰ ਆਧਾਰ ਮਾਨ ਕੇ-ਮੇਰਾ ਰੰਗ ਦੇ ਬਸੰਤੀ ਚੋਲਾ ਮਾਏ....ਪਰ ਭਗਤ ਸਿੰਘ ਨੇ  ਤਾਂ ਜਿੰਦਗੀ ਭਰ ਪੀਲੀ ਪੱਗ ਨਹੀਂ ਪਹਿਨੀ। ਹਾਂ ਕੁਝ ਸਮਾਂ ਨਨਕਾਣਾ ਸਾਹਿਬ ਸਾਕੇ ਸਮੇਂ ਜਾਂ ਜੈਤੋ ਮੋਰਚੇ ਸਮੇਂ ਉਸਨੇ ਰੋਸ ਵਜੋਂ ਕਾਲੀ ਪੱਗ ਜ਼ਰੂਰ ਬੰਨੀ ਸੀ ਜਿਸਦੀ ਗਵਾਹੀ ਹਿੰਦੀ ਲੇਖਕ ਯਸ਼ਪਾਲ, ਜੋ ਭਗਤ ਸਿੰਘ ਦਾ ਸਕੂਲ ਤੇ ਕਾਲਜ ਦੋਵਾਂ ਵਿੱਚ ਜਮਾਤੀ ਸੀ, ਨੇ ਭਰੀ ਹੈ।

ਅਮਰਜੀਤ ਚੰਦਨ ਅਨੁਸਾਰ ਪੀਲੀ ਜਾਂ ਵਸੰਤੀ ਰੰਗ ਵਾਲਾਂ ਇੱਕ  ਚਿਤ੍ਰ ਅਮਰ ਸਿੰਘ ਨਾਂ ਦੇ ਚਿਤਰਕਾਰ ਨੇ 1975 ਚ ਬਣਾਇਆ ਸੀ, ਜੋ ਚਿਤਰਕਾਰ ਦੇ ਨਾਂ ਤੋਂ ਬਿਨਾ ਇੰਨਾਂ ਪ੍ਰਚਲਤ ਹੋ ਗਿਆ ਕਿ ਕੇਂਦਰੀ ਤੇ ਰਾਜ ਸਰਕਾਰਾਂ ਹੈਟ ਵਾਲਾ ਅਸਲੀ ਚਿਤ੍ਰ ਛਡ ਕੇ ਇਸੇ ਚਿਤ੍ਰ ਨੂੰ ਇਸ਼ਤਹਾਰਾਂ ਵਿੱਚ ਵਰਤਣ ਲਾਗ ਪਈਆਂ। ਵੈਸੇ ਤਾਂ ਕਲਾਕਾਰਾਂ ਨੇ ਭਗਤ ਸਿੰਘ ਦੇ ਸੈਂਕੜੇ ਚਿਤ੍ਰ ਬਣਾਏ ਹਨ, ਹਾਲ ਦੇ ਕਿਸਾਨ ਤੇ ਵਿਦਯਰਥੀ ਸੰਘਰਸ਼ਾਂ ਦੌਰਾਨ ਲੰਡਨ ਰਹਿੰਦੇ ਪੰਜਾਬੀ ਕਲਾਕਾਰ  ਕੰਵਲ ਧਾਲੀਵਾਲ ਨੇ ਵੀ ਇੱਕ ਬਹੂਪਰਤੀ ਚਿਤ੍ਰ ਬਣਾਇਆ ਹੈ, ਜਿਸ ਵਿੱਚ ਭਗਤ ਸਿੰਘ ਦੀ ਅਸਲ ਸ਼ਕਲ ਤੇ ਵਿਚਾਰਾਂ ਦਾ ਸੁਹਜਪੁਰਨ ਸੁਮੇਲ ਵੀ ਮਿਲਦਾ ਹੈ। ਚਿਤ੍ਰ ਵਿੱਚ ਚਿੱਟੀ ਪੱਗ ਉੱਪਰ ਲਾਲ ਹੈਟ ਨੂੰ ਕਲਤਮਕ ਤਰੀਕੇ ਨਾਲ ਕਿਸਾਨ ਤੇ ਹੋਰ ਲੋਕ ਲਹਿਰਾਂ ਦੇ ਪ੍ਰੇਰਣਾ ਸਰੋਤ ਨਾਲ ਜੋੜ ਕੇ ਪੇਸ਼ ਕੀਤਾ ਹੈ। ਕੀ ਪੰਜਾਬ ਸਰਕਾਰ ਆਪਣੇ ਦਫਤਰਾਂ ਵਿੱਚ ਇਹ ਚਿਤ੍ਰ ਲਗਾਉਣਾ ਚਾਹੇਗੀ? ਹਾਲਾਂਕਿ ਇਹ ਚਿਤ੍ਰ ਮੁੱਖ ਮੰਤਰੀ ਦੇ ਇਨਕਲਾਬ ਜਿੰਦਬਦ ਨਾਅਰੇ ਦਾ ਕਲਾਤਮਕ ਅਕਸ ਹੈ। ਅਸਲੀਅਤ ਇਹ ਹੈ ਕਿ ਸਰਕਾਰੀ ਦਫਤਰਾਂ ਤੇ ਇਸ਼ਤਹਾਰਾਂ ਵਿੱਚ ਇਤਿਹਾਸਿਕ ਵਿਅਕਤੀਆਂ ਦੇ ਸਾਰੀ ਦੁਨੀਆਂ ਵਿੱਚ ਸਿਰਫ ਕੇਮਰਾ ਫੋਟੋ ਹੀ ਇਸਤੇਮਾਲ ਹੁੰਦੇ ਹਨ ਤੇ ਏਹੋ ਵਾਜਬ ਵੀ ਹੈ।

  ਜੇ ਕੋਈ ਸਰਕਾਰ ਭਗਤ ਸਿੰਘ ਦੀ ਤਸਵੀਰ ਦਫਤਰਾਂ ਜਾਂ ਇਸ਼ਤਿਹਾਰਾਂ ਵਿੱਚ ਵਰਤਣਾ ਚਾਹੁੰਦੀ ਹੈ, ਤਾਂ ਨੈਤਿਕ ਤੇ ਕਾਨੂਨੀ ਤੌਰ ਤੇ  ਉਸਦੀ ਅਸਲ ਤਸਵੀਰ ਹੀ ਵਰਤਣੀ ਚਾਹੀਦੀ ਹੈ। ਭਗਤ ਸਿੰਘ ਦਾ ਪਰਵਾਰ ਤੇ ਉਸਤੇ ਖੋਜ ਕਰਨ ਵਾਲੇ ਵਿਦਵਾਨ ਵੀ ਲੰਬੇ ਸਮੇਂ ਤੋਂ ਇਹ ਮੰਗ ਕਰਦੇ ਰਹੇ ਹਨ।

*ਚਮਨ ਲਾਲ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਸੇਵਾ ਮੁਕਤ ਪ੍ਰੋਫ਼ੇੱਸਰ ਅਤੇ ਭਗਤ ਸਿੰਘ ਅਰਕਾਇਵਜ਼ ਦਿੱਲੀ ਦੇ ਆਨਰੇਰੀ ਸਲਾਹਕਾਰ ਹਨ

 prof.chaman@gmail.com  




    

No comments: