Thursday, 27 March 2014

ਅੱਠ ਦਹਾਕਿਆਂ ਬਾਅਦ ਲੱਭਿਆ ਭਗਤ ਸਿੰਘ ਦਾ ਗੁਆਚਿਆ ਖ਼ਤ-The Lost Letter-Punjabi Tribune

Posted On March - 23 - 2014
ਚਮਨ ਲਾਲ
ਸੰਪਰਕ: 098687-74820
ਭਗਤ ਸਿੰਘ ਨੂੰ ਆਮ ਤੌਰ ’ਤੇ ਇੱਕ ਐਕਸ਼ਨ ਕਰਨ ਵਾਲੇ ਇਨਕਲਾਬੀ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਪਰ ਹੁਣ ਉਸ ਦਾ ਇੱਕ ਪਰਪੱਕ ਸਿਆਸੀ ਚਿੰਤਕ ਦਾ ਦੂਜਾ ਪੱਖ ਹੌਲੀ-ਹੌਲੀ ਉੱਭਰ ਕੇ ਸਾਹਮਣੇ ਆ ਰਿਹਾ ਹੈ। ਇੱਕ ਬੇਹੱਦ ਬਦਨਾਮ ਤੇ ਵਿਵਾਦ ਭਰੇ ਮੁਕੱਦਮੇ ਮਗਰੋਂ 23 ਮਾਰਚ 1931 ਨੂੰ ਲਾਹੌਰ ਵਿੱਚ ਫਾਂਸੀ ਦਿੱਤੇ ਜਾਣ ਤੋਂ ਕਰੀਬ ਦੋ ਸਾਲ ਪਹਿਲਾਂ ਤਕ ਆਪਣੀ ਜੇਲ੍ਹ ਜ਼ਿੰਦਗੀ ਦੌਰਾਨ ਭਗਤ ਸਿੰਘ ਇੱਕ ਵਿਚਾਰਵਾਨ ਸ਼ਖ਼ਸੀਅਤ ਦੇ ਦਰਜੇ ਤਕ ਪਹੁੰਚੇ ਅਤੇ ਉਨ੍ਹਾਂ ਆਜ਼ਾਦੀ ਲਹਿਰ ਤੋਂ ਲੈ ਕੇ ਭਾਰਤ ਵਿੱਚ ਸਮਾਜਵਾਦੀ ਇਨਕਲਾਬ ਤਕ ਦੀਆਂ ਦੂਰਗਾਮੀ ਸਮੱਸਿਆਵਾਂ ’ਤੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਦੇ ਜੇਲ੍ਹ ਜੀਵਨ ਦੀਆਂ ਕਾਫ਼ੀ ਲਿਖਤਾਂ ਜਾਂ ਤਾਂ ਗੁੰਮ ਹੋ ਗਈਆਂ ਜਾਂ ਦਬਾ ਦਿੱਤੀਆਂ ਗਈਆਂ। ਉਨ੍ਹਾਂ ਵਿੱਚੋਂ ਕੁਝ ਲਿਖਤਾਂ ਹੁਣ ਹੌਲੀ-ਹੌਲੀ ਸਾਹਮਣੇ ਆ ਰਹੀਆਂ ਹਨ। ਅੱਸੀ ਸਾਲਾਂ ਮਗਰੋਂ 15 ਅਗਸਤ 2011 ਦੇ ‘ਦਿ ਹਿੰਦੂ’ ਅਖ਼ਬਾਰ ਵਿੱਚ ਅੰਗਰੇਜ਼ ਸਰਕਾਰ ਤੇ ਅਦਾਲਤਾਂ ਨਾਲ ਉਨ੍ਹਾਂ ਦਾ ਖ਼ਤ-ਪੱਤਰ ਪਹਿਲੀ ਵਾਰ ਛਪ ਕੇ ਸਾਹਮਣੇ ਆਇਆ ਜੋ ਸੁਪਰੀਮ ਕੋਰਟ ਦੀ ਲੇਖਕ ਨੂੰ ਦਿੱਤੀ ਇਜਾਜ਼ਤ ਨਾਲ ਛਪਣਾ ਮੁਮਕਿਨ ਹੋ ਸਕਿਆ। ਹੁਣ ਉਨ੍ਹਾਂ ਦਾ ਇੱਕ ਹੋਰ ਖ਼ਤ ਸਾਹਮਣੇ ਆਇਆ ਹੈ ਜੋ ਭਗਤ ਸਿੰਘ ਦੇ ਆਪਣੇ ਲਫ਼ਜ਼ਾਂ ਵਿੱਚ ‘ਗੁੰਮ’ ਸੀ। ਉਸ ਦੀ ਫੋਟੋ ਕਾਪੀ ਪਲਵਲ ਦੇ ਡਾ. ਰਘਵੀਰ ਸਿੰਘ ਅਤੇ ਬੀਨਾ ਦੇ ਰਾਮ ਸ਼ਰਮਾ ਤੋਂ ਧੰਨਵਾਦ ਸਹਿਤ ਹਾਸਲ ਹੋਈ ਹੈ।
ਨੌਜਵਾਨ ਇਨਕਲਾਬੀ ਹਰੀਕਿਸ਼ਨ ਨੇ 23 ਦਸੰਬਰ 1930 ਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਕਨਵੋਕੇਸ਼ਨ ਸਮੇਂ ਪੰਜਾਬ ਦੇ ਗਵਰਨਰ ’ਤੇ ਗੋਲੀ ਚਲਾ ਕੇ ਜ਼ਖ਼ਮੀ ਕਰ ਦਿੱਤਾ ਸੀ। ਉਸ ਦੇ ਮੁਕੱਦਮੇ ਦੇ ਸਿਲਸਿਲੇ ਵਿੱਚ ਭਗਤ ਸਿੰਘ ਨੇ ਦੋ ਖ਼ਤ ਲਿਖੇ ਸਨ। ਇਸ ਗੋਲੀਬਾਰੀ ਵਿੱਚ ਇੱਕ ਇੰਸਪੈਕਟਰ ਮਾਰਿਆ ਗਿਆ ਸੀ। ਸਾਲ 2008 ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਟੀਚਰਸ ਐਸੋਸੀਏਸ਼ਨ ਦੇ ਇੱਕ ਗਰੁੱਪ ਨਾਲ ਇਹ ਲੇਖਕ ਪਿਸ਼ਾਵਰ ਯੂਨੀਵਰਸਿਟੀ ਗਿਆ ਤਾਂ ਉੱਥੋਂ ਦੇ ਤਤਕਾਲੀ ਵਾਈਸ ਚਾਂਸਲਰ ਡਾ. ਅਜਮਲ ਹਯਾਤ ਖ਼ਾਨ ਨੇ ਹਰੀਕਿਸ਼ਨ ਦੇ ਪਰਿਵਾਰ ਬਾਰੇ ਦੱਸਿਆ ਸੀ ਕਿ ਮਰਦਾਨ ਸ਼ਹਿਰ ਦੇ ਹਰੀਕਿਸ਼ਨ ਦੇ ਪਿਤਾ ਗੁਰਦਾਸ ਰਾਮ ਤਲਵਾਰ ਦਾ ਇਲਾਕੇ ਵਿੱਚ ਬੜਾ ਮਾਣ ਸੀ। ਉਹ ਅੰਗਰੇਜ਼ਾਂ ਵੱਲੋਂ ਵੀ ਰਾਇ ਸਾਹਿਬ ਦੇ ਖਿਤਾਬ ਨਾਲ ਨਿਵਾਜਿਆ ਗਿਆ ਸੀ। ਵਾਈਸ ਚਾਂਸਲਰ ਨੇ ਇਹ ਵੀ ਦੱਸਿਆ ਕਿ ਇੱਥੋਂ ਦੇ ਲੋਕਾਂ ਵਿੱਚ ਇਹ ਧਾਰਨਾ ਪ੍ਰਚੱਲਿਤ ਹੈ ਕਿ ਭਗਤ ਸਿੰਘ ਇਸ ਇਲਾਕੇ ਵਿੱਚ ਕਾਫ਼ੀ ਦੇਰ ਰਿਹਾ ਤੇ ਇੱਥੇ ਉਸ ਨੇ ਹਥਿਆਰ ਚਲਾਉਣ ਦੀ ਸਿਖਲਾਈ ਲਈ ਸੀ। ਭਗਤ ਸਿੰਘ ਨੂੰ ਹਰੀਕਿਸ਼ਨ ਦਾ ਪਰਿਵਾਰਕ ਪਿਛੋਕੜ ਪਤਾ ਹੋਣ ਦੇ ਬਾਵਜੂਦ ਇਹ ਯਕੀਨ ਸੀ ਕਿ ਹਰੀਕਿਸ਼ਨ ਨੂੰ ਫਾਂਸੀ ਦੀ ਸਜ਼ਾ ਹੋਣੀ ਤੈਅ ਸੀ। ਹਰੀਕਿਸ਼ਨ ਦੇ ਵਕੀਲਾਂ ਨੇ ਉਸ ਨੂੰ ਬਚਾਉਣ ਖ਼ਾਤਰ ਉਸ ਦੇ ਬਚਾਅ ਵਿੱਚ ਕੁਝ ਅਜਿਹੀਆਂ ਦਲੀਲਾਂ ਦਿੱਤੀਆਂ ਜੋ ਇਨਕਲਾਬੀ ਦਾ ਮਾਣ ਵਧਾਉਣ ਵਾਲੀਆਂ ਨਹੀਂ ਸਨ। ਭਗਤ ਸਿੰਘ ਇਸ ਗੱਲ ਤੋਂ ਕਾਫ਼ੀ ਦੁਖੀ ਸਨ ਅਤੇ ਉਨ੍ਹਾਂ ਇਸ ਸਬੰਧੀ ਆਪਣੇ ਕਿਸੇ ਬਾਹਰਲੇ ਸੰਪਰਕ ਨੂੰ ਖ਼ਤ ਲਿਖਿਆ ਸੀ ਜੋ ਸਹੀ ਟਿਕਾਣੇ ਪਹੁੰਚਣ ਤੋਂ ਪਹਿਲਾਂ ਹੀ ‘ਗੁੰਮ’ ਹੋ ਗਿਆ, ਜਿਵੇਂ ਭਗਤ ਸਿੰਘ ਨੇ ਖ਼ੁਦ ਇਸ ਕੜੀ ਵਿੱਚ ਲਿਖੇ ਆਪਣੇ ਦੂਜੇ ਖ਼ਤ ਵਿੱਚ ਲਿਖਿਆ। ਭਗਤ ਸਿੰਘ ਨੇ ਆਪਣੇ ਦੂਜੇ ਖ਼ਤ ਵਿੱਚ ਵੀ ਪਹਿਲਾਂ ਵਾਲੀਆਂ ਦਲੀਲਾਂ ਨੂੰ ਹੀ ਦੁਹਰਾਇਆ ਹੈ। ਪਹਿਲਾ ਖ਼ਤ, ਜੋ ਹੁਣ ਤਕ ਗੁੰਮ ਹੀ ਸਮਝਿਆ ਜਾਂਦਾ ਰਿਹਾ, ਅਸਲ ਵਿੱਚ 9 ਜੂਨ 1931 ਨੂੰ ਹਰੀਕਿਸ਼ਨ ਨੂੰ ਫਾਂਸੀ ਦਿੱਤੇ ਜਾਣ ਤੋਂ ਫੌਰਨ ਬਾਅਦ ਹੀ 18 ਜੂਨ 1931 ਦੇ ‘ਹਿੰਦੂ ਪੰਚ’ ਵਿੱਚ ਛਪ ਗਿਆ ਸੀ। ਹੋ ਸਕਦਾ ਹੈ ਕਿ ਉਸ ਵੇਲੇ ਇਹ ਇਨਕਲਾਬੀਆਂ ਜਾਂ ਕੁਝ ਹੋਰ ਲੋਕਾਂ ਦੇ ਧਿਆਨ ਵਿੱਚ ਆਇਆ ਹੋਵੇ ਪਰ ਮਗਰੋਂ ਜਦ ਭਗਤ ਸਿੰਘ ਦੇ ਦਸਤਾਵੇਜ਼ ਸ਼ਿਵ ਵਰਮਾ, ਜਗਮੋਹਨ ਸਿੰਘ ਜਾਂ ਵੀਰੇਂਦਰ ਸੰਧੂ ਨੇ ਛਾਪੇ ਤਾਂ ਇਹ ਕਿਸੇ ਦੇ ਧਿਆਨ ਵਿੱਚ ਨਹੀਂ ਆਇਆ। ‘ਹਿੰਦੂ ਪੰਚ’ ਦੇ ਅੰਕ ਵੀ ਲਗਪਗ ਗੁੰਮਨਾਮੀ ਵਿੱਚ ਚਲੇ ਗਏ ਹਾਲਾਂਕਿ ‘ਹਿੰਦੂ ਪੰਚ’ ਦਾ ‘ਬਲੀਦਾਨ ਅੰਕ’ ਬੜਾ ਹੀ ਮਸ਼ਹੂਰ ਹੋਇਆ ਸੀ ਅਤੇ ਅੱਜ ਵੀ ਇਹ ਮਿਲਦਾ ਹੈ। ਇਸ ਸਬੰਧੀ ਫਰਵਰੀ 1931 ਵਿੱਚ ਭਗਤ ਸਿੰਘ ਵੱਲੋਂ ਲਿਖਿਆ ਦੂਜਾ ਖ਼ਤ ਹਰੀਕਿਸ਼ਨ ਦੀ ਫਾਂਸੀ ਤੋਂ ਬਾਅਦ ਜੂਨ 1931 ਦੇ ‘ਦਿ ਪੀਪਲ’ ਵਿੱਚ ਆਪਣੇ ਮੂਲ ਅੰਗਰੇਜ਼ੀ ਰੂਪ ’ਚ ਛਪ ਗਿਆ ਸੀ। ਇਸ ਸਬੰਧੀ ਜਨਵਰੀ 1931 ਦਾ ਪਹਿਲਾ ਖ਼ਤ ਵੀ ਅੰਗਰੇਜ਼ੀ ਵਿੱਚ ਹੀ ਹੋਵੇਗਾ ਪਰ ‘ਹਿੰਦੂ ਪੰਚ’ ਵਿੱਚ ਇਹ ਹਿੰਦੀ ’ਚ ਅਨੁਵਾਦ ਹੋ ਕੇ ਛਪਿਆ ਹੈ। ਅਸਲ ਵਿੱਚ ‘ਹਿੰਦੂ ਪੰਚ’ ਨੇ ਦੋਵੇਂ ਖਤ ਇਕੱਠੇ ਹੀ ਛਾਪੇ ਹਨ।
ਸ਼ਹੀਦ ਭਗਤ ਸਿੰਘ ਦੀ ਪਹਿਲੀ ਗ੍ਰਿਫ਼ਤਾਰੀ ਦੌਰਾਨ ਲਾਹੌਰ ਰੇਲਵੇ ਸਟੇਸ਼ਨ ਥਾਣੇ ਵਿੱਚ ਚੋਰੀਓਂ ਖਿੱਚੀ ਗਈ ਤਸਵੀਰ (ਖੱਬੇ) ਅਤੇ ਮੁਲਕ ਲਈ ਕੁਰਬਾਨ ਹੋਣ ਵਾਲਾ ਹਰੀਕਿਸ਼ਨ।
ਇੱਕ ਵਾਰ ਪਹਿਲਾਂ ਵੀ ਭਗਤ ਸਿੰਘ ਦੇ ਲੇਖ ‘ਮੈਂ ਨਾਸਤਿਕ ਕਿਉਂ ਹਾਂ’ ਨਾਲ ਇੰਜ ਵਾਪਰ ਚੁੱਕਾ ਹੈ। ਇਹ ਲੇਖ ਸਭ ਤੋਂ ਪਹਿਲਾਂ 1934 ਵਿੱਚ ਪੇਰਿਆਰ ਨੇ ਕਾਮਰੇਡ ਪੀ ਜਿਵਾਨਾਂਦਮ ਤੋਂ ਤਮਿਲ ਵਿੱਚ ਅਨੁਵਾਦ ਕਰਵਾ ਕੇ ਆਪਣੇ ਰਸਾਲੇ ‘ਕੁੜਈ ਆਰਸੂ’ ਵਿੱਚ ਛਾਪਿਆ ਸੀ ਪਰ ਸੰਨ 1947 ਦੀ ਵੰਡ ਸਮੇਂ ‘ਦਿ ਪੀਪਲ’ ਦੀਆਂ ਫਾਈਲਾਂ, ਜਿਸ ਵਿੱਚ 27 ਸਤੰਬਰ 1931 ਨੂੰ ਇਹ ਪਹਿਲੀ ਵਾਰ ਅੰਗਰੇਜ਼ੀ ਵਿੱਚ ਛਪਿਆ ਸੀ, ਲਾਹੌਰ ਹੀ ਰਹਿ ਗਈਆਂ ਅਤੇ ਕਾਫ਼ੀ ਸਮੇਂ ਬਾਅਦ ਹੀ ਆ ਸਕੀਆਂ। ਉਦੋਂ ਇਸ ਲੇਖ ਨੂੰ ਤਮਿਲ ਤੋਂ ਅੰਗਰੇਜ਼ੀ ਵਿੱਚ ਮੁੜ ਅਨੁਵਾਦਤ ਰੂਪ ਵਿੱਚ ਛਾਪਿਆ ਗਿਆ ਸੀ। ਅੱਜ ਤੀਨ ਮੂਰਤੀ ਵਿੱਚ ਪੀਪਲ ਦੀ ਮੂਲ ਫਾਇਲ ਮੌਜੂਦ ਹੈ ਤਾਂ ਵੀ ਕਈ ਵੈੱਬਸਾਈਟਾਂ ’ਤੇ ਹਾਲੇ ਇਸ ਦਾ ਮੁੜ ਅਨੁਵਾਦਤ ਰੂਪ ਹੀ ਛਪਿਆ ਮਿਲਦਾ ਹੈ। ਇੱਥੋਂ ਤਕ ਕਿ ਲਾਹੌਰ ਦੇ ਪੰਜਾਬੀ ਰਸਾਲੇ ‘ਪੰਚਮ’ ਵਿੱਚ ਵੀ ਇਸ ਦਾ ਮੂਲ ਤੋਂ ਨਹੀਂ ਸਗੋਂ ਵੈੱਬ ਤੋਂ ਅਨੁਵਾਦ ਦਰਜ ਹੈ। ਕਈ ਵੈੱਬ ਪੰਨਿਆਂ ’ਤੇ ਇਸ ਲੇਖ ਨੂੰ ਮੂਲ ਪੰਜਾਬੀ ਵਿੱਚ ਸਮਝ ਕੇ ਇਸ ਦਾ ਅੰਗਰੇਜ਼ੀ ਅਨੁਵਾਦ ਦਰਜ ਕੀਤਾ ਗਿਆ ਹੈ। ਜਿਵੇਂ ‘ਮੈਂ ਨਾਸਤਿਕ ਕਿਉਂ ਹਾਂ’ ਦਾ ਮੂਲ ਅੰਗਰੇਜ਼ੀ ਰੂਪ ਮਿਲ ਗਿਆ ਸੀ। ਸ਼ਾਇਦ ਇੱਕ ਦਿਨ ਇਸ ਖ਼ਤ ਦਾ ਮੂਲ ਅੰਗਰੇਜ਼ੀ ਰੂਪ ਵੀ ਮਿਲ ਜਾਵੇ।
ਹਰੀਕਿਸ਼ਨ ਦੇ ਪਿਤਾ ਗੁਰਦਾਸ ਰਾਮ ਤਲਵਾਰ ਨੇ ਅਮੀਰ ਰਾਇ ਸਾਹਿਬ ਹੋਣ ਦੇ ਬਾਵਜੂਦ ਆਪਣੇ ਪੁੱਤਰ ਨੂੰ ਮਦਨ ਲਾਲ ਢੀਂਗਰਾ ਦੇ ਪਿਤਾ ਵਾਂਗ ਤਿਆਗਿਆ ਨਹੀਂ ਸਗੋਂ ਉਸ ’ਤੇ ਮਾਣ ਮਹਿਸੂਸ ਕਰ ਕੇ ਬਰਤਾਨਵੀ ਸਰਕਾਰ ਦੇ ਤਸੀਹੇ ਬਰਦਾਸ਼ਤ ਕੀਤੇ। ਹਰੀਕਿਸ਼ਨ ਦਾ ਭਰਾ ਭਗਤ ਰਾਮ ਤਲਵਾਰ, ਕਿਰਤੀ ਪਾਰਟੀ ਦਾ ਕਾਰਕੁਨ ਬਣਿਆ ਅਤੇ ਉਸ ਨੇ ਹੀ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਕਾਬਲ ਤੋਂ ਜਰਮਨੀ ਭੇਜਣ ਵਿੱਚ ਮਦਦ ਕੀਤੀ। ਨੇਤਾ ਜੀ ਨੂੰ ਭੇਜਣ ਦੀ ਕੋਸ਼ਿਸ਼ ਤਾਂ ਸੋਵੀਅਤ ਯੂਨੀਅਨ ਦੀ ਸੀ ਪਰ ਕਾਬਲ ਦੇ ਸੋਵੀਅਤ ਸਫ਼ਾਰਤਖ਼ਾਨੇ ਨੇ ਇਸ ਵਿੱਚ ਕੋਈ ਮਦਦ ਨਹੀਂ ਕੀਤੀ। ਇਸ ਲਈ ਨੇਤਾ ਜੀ ਨੂੰ ਜਰਮਨੀ ਜਾ ਕੇ ਅੰਗਰੇਜ਼ਾਂ ਵਿਰੁੱਧ ਮੁਲਕ ਦੀ ਆਜ਼ਾਦੀ ਲਈ ਲੜਨ ਖ਼ਾਤਰ ਹਿਟਲਰ ਨਾਲ ਬੇਮੇਲ ਸਮਝੌਤਾ ਕਰਨਾ ਪਿਆ।
ਇਸ ਖ਼ਤ ਨੂੰ ਉਸ ਸਮੇਂ ਦਬਾਏ ਜਾਣ ਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਇਸ ਵਿੱਚ ਜਨਾਬ ਆਸਫ਼ ਅਲੀ ਦਾ ਨਾਂ ਲੈ ਕੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਫੀਸ ਦੇਣ ਦੀ ਆਲੋਚਨਾ ਕੀਤੀ ਗਈ ਹੈ। ਹਾਲਾਂਕਿ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਮਨ ਵਿੱਚ ਆਸਫ਼ ਅਲੀ ਪ੍ਰਤੀ ਕੋਈ ਦੁਰਭਾਵਨਾ ਨਹੀਂ ਸੀ ਅਤੇ ਆਸਫ਼ ਅਲੀ ਨੇ ਵੀ ਅਨੇਕ ਪ੍ਰਸੰਗਾਂ ਵਿੱਚ ਭਗਤ ਸਿੰਘ ਦੀ ਤਾਰੀਫ਼ ਕੀਤੀ ਹੈ।
ਅੱਜ ਸਿਆਸੀ ਪਾਰਟੀਆਂ ਉਸ ਦੇ ਵਿਚਾਰਾਂ ਨੂੰ ਛੱਡ ਕੇ ਉਸ ਦਾ ਨਾਂ ਵਰਤਣ ਦੀ ਦੌੜ ਵਿੱਚ ਲੱਗੀਆਂ ਹੋਈਆਂ ਹਨ ਪਰ ਇਸ ਸਮੇਂ ਭਗਤ ਸਿੰਘ ਦੇ ਵਿਚਾਰਾਂ ਤਕ ਪਹੁੰਚਣ ਦੀ ਵੱਡੀ ਲੋੜ ਹੈ। ਅਜਿਹੀਆਂ ਪਾਰਟੀਆਂ ਨੂੰ ਆਪਣਾ-ਆਪਣਾ ਭਗਤ ਸਿੰਘ ‘ਘੜਨ’ ਦੀ ਬਜਾਏ ਉਸ ਦੀ ਵਿਰਾਸਤ ਨੂੰ ਸਹੀ ਅਰਥਾਂ ਵਿੱਚ ਸਮਝਣਾ ਚਾਹੀਦਾ ਹੈ। ਭਗਤ ਸਿੰਘ ਨੇ ਇਨ੍ਹਾਂ ਦੋ ਖ਼ਤਾਂ ਵਿੱਚ ਕੁਝ ਇਉਂ ਲਿਖਿਆ:

ਪਿਆਰੇ ਭਰਾ
ਅੱਠ ਦਹਾਕਿਆਂ ਮਗਰੋਂ ਲੱਭਿਆ ਭਗਤ ਸਿੰਘ ਦਾ ਖ਼ਤ।
ਮੈਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਸ੍ਰੀ ਹਰੀਕਿਸ਼ਨ ਅਦਾਲਤ ਵਿੱਚ ਸਫ਼ਾਈ ਦੇ ਤੌਰ ’ਤੇ ਉਹੋ ਕਾਰਨ ਪੇਸ਼ ਕਰਨਾ ਚਾਹੁੰਦੇ ਹਨ ਜੋ ਅਸੈਂਬਲੀ ਬੰਬ ਕੇਸ ਵਿੱਚ ਪੇਸ਼ ਕੀਤਾ ਗਿਆ ਸੀ। ਮੈਨੂੰ ਇਸ ਗੱਲ ਤੋਂ ਵੀ ਘੱਟ ਹੈਰਾਨੀ ਨਹੀਂ ਹੋਈ ਕਿ ਸ੍ਰੀ ਆਸਫ਼ ਅਲੀ ਨੂੰ ਦਿੱਲੀ ਤੋਂ ਸ੍ਰੀ ਹਰੀਕਿਸ਼ਨ ਦੀ ਪੈਰਵੀ ਲਈ ਬੁਲਾਇਆ ਗਿਆ ਅਤੇ ਉਨ੍ਹਾਂ ਆਪਣੀ ਫ਼ੀਸ ਵਿੱਚ ਇੱਕ ਵੱਡੀ ਰਕਮ ਤੋਂ ਇਲਾਵਾ ਡਬਲ ਫਸਟ ਕਲਾਸ ਕਿਰਾਇਆ ਵਸੂਲ ਕਰ ਲਿਆ। ਹਾਲਾਂਕਿ ਲਾਹੌਰ ਦਾ ਹੀ ਕੋਈ ਚੰਗਾ ਵਕੀਲ ਇਸ ਤੋਂ ਬਹੁਤ ਘੱਟ ਫ਼ੀਸ ਵਿੱਚ ਰਾਜ਼ੀ ਹੋ ਜਾਂਦਾ। ਪਰ ਇਹ ਖ਼ਤ ਮੈਂ ਦੂਜੀ ਗੱਲ ਤੋਂ ਪ੍ਰੇਰਣਾ ਲੈ ਕੇ ਨਹੀਂ ਸਗੋਂ ਪਹਿਲੀ ਗੱਲ ਨੂੰ ਧਿਆਨ ਵਿੱਚ ਰੱਖ ਕੇ ਲਿਖ ਰਿਹਾ ਹਾਂ। ਸ਼ਾਇਦ ਮੈਨੂੰ ਇੱਕ ਅਜਿਹੇ ਨੌਜਵਾਨ ਦੇ ਮਾਮਲੇ ਵਿੱਚ ਆਪਣੀ ਟੰਗ ਅੜਾਉਣ ਜਾਂ ਦਖਲ ਦੇਣ ਦਾ ਕੋਈ ਹੱਕ ਨਹੀਂ ਜਿਸ ਨੂੰ ਨਿਸ਼ਚਿਤ ਤੌਰ ’ਤੇ ਕਾਨੂੰਨ ਦੀ ਸਭ ਤੋਂ ਵੱਡੀ ਸਜ਼ਾ ਮੌਤ ਦਿੱਤੀ ਜਾਣ ਵਾਲੀ ਹੈ।
ਪਰ ਕਿਉਂਕਿ ਇਹ ਗੱਲ ਲਗਪਗ ਨਿਸ਼ਚਿਤ ਹੀ ਹੈ ਕਿ ਉਸ ਨੂੰ ਫਾਂਸੀ ਦਿੱਤੀ ਜਾਵੇਗੀ, ਇਸ ਲਈ ਮੈਨੂੰ ਇਸ ਗੱਲ ਦੀ ਹਿੰਮਤ ਹੋਈ ਹੈ ਕਿ ਮੈਂ ਮਾਮਲੇ ਵਿੱਚ ਇੱਕ ਸ਼ਖ਼ਸੀਅਤ ਦੇ ਭਵਿੱਖ ਦੇ ਸੁਆਲ ਨੂੰ ਪਰ੍ਹੇ ਰੱਖ ਕੇ ਸ਼ੁੱਧ ਸਿਆਸੀ ਦ੍ਰਿਸ਼ਟੀ ਤੋਂ ਵਿਚਾਰ ਕਰਾਂ। ਇਸ ਵੇਲੇ ਮੈਂ ਇਹ ਖ਼ਤ ਤੁਹਾਨੂੰ ਜ਼ਾਤੀ ਤੌਰ ’ਤੇ ਲਿਖ ਰਿਹਾ ਹਾਂ।
ਹਾਲਾਂਕਿ ਮੈਨੂੰ ਨਿਸ਼ਚਿਤ ਤੌਰ ’ਤੇ ਇਹ ਨਹੀਂ ਪਤਾ ਕਿ ਤੁਸੀਂ ਇਸ ਮਾਮਲੇ ਵਿੱਚ ਕਿੱਥੋਂ ਤਕ ਕੁਝ ਕਰ ਸਕਦੇ ਹੋ। ਮੈਨੂੰ ਇਹ ਉਮੀਦ ਹੈ ਅਤੇ ਮੇਰੀ ਤੁਹਾਨੂੰ ਇਹ ਗੁਜ਼ਾਰਿਸ਼ ਵੀ ਹੈ ਕਿ ਇਸ ਮਾਮਲੇ ਵਿੱਚ ਕੋਈ ਆਖ਼ਰੀ ਫ਼ੈਸਲਾ ਲੈਣ ਤੋਂ ਪਹਿਲਾਂ ਮੇਰੀਆਂ ਗੱਲਾਂ ’ਤੇ ਗੌਰ ਕੀਤਾ ਜਾਵੇਗਾ। ਮਾਮਲੇ ਦੀਆਂ ਘਟਨਾਵਾਂ ਸਪਸ਼ਟ ਹਨ, ਨਤੀਜਾ ਵੀ ਬਿਲਕੁਲ ਸਾਫ਼ ਹੈ। ਮੁਲਜ਼ਮ ਖ਼ੁਦ ਸਭ ਤੋਂ ਵੱਧ ਇਸ ਗੱਲ ਨੂੰ ਸਮਝਦਾ ਹੈ।
ਹੇਠਲੀ ਅਦਾਲਤ ਵਿੱਚ ਵੀ ਉਸ ਨੇ ਆਪਣਾ ਜੁਰਮ ਕਬੂਲ ਕੀਤਾ ਹੈ। ਹੁਣ ਜੇ ਉਹ ਚਾਹੇ ਤਾਂ ਸੈਸ਼ਨ ਕੋਰਟ ਵਿੱਚ ਆਪਣਾ ਬਿਆਨ ਦੇ ਸਕਦਾ ਹੈ ਤੇ ਉਹਨੂੰ ਇਹ ਜ਼ਰੂਰ ਦੇਣਾ ਚਾਹੀਦਾ ਹੈ। ਪਰ ਸਵਾਲ ਇਹ ਹੈ ਕਿ ਬਿਆਨ ਵਿੱਚ ਉਸ ਨੂੰ ਕਹਿਣਾ ਕੀ ਚਾਹੀਦਾ ਹੈ? ਜਿੱਥੋਂ ਤਕ ਮੈਂ ਸੁਣਿਆ ਹੈ ਕਿ ਸਫ਼ਾਈ ਦੇ ਵਕੀਲ ਸਾਹਿਬ ਉਸ ਨੂੰ ਇਹ ਕਹਿਣ ਦੀ ਸਲਾਹ ਦੇ ਰਹੇ ਹਨ:
1. ਉਸ ਦਾ ਗਵਰਨਰ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ।
2. ਉਹ ਉਸ ਨੂੰ ਸਿਰਫ਼ ਜ਼ਖ਼ਮੀ ਕਰਨਾ ਚਾਹੁੰਦਾ ਸੀ।
3. ਅਤੇ ਇਹ ਸਭ ਉਹ ਇੱਕ ਚਿਤਾਵਨੀ ਵਜੋਂ ਕਰਨਾ ਚਾਹੁੰਦਾ ਸੀ।
ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਇਸ ਸਵਾਲ ’ਤੇ ਜ਼ਰਾ ਸ਼ਾਂਤੀ ਨਾਲ ਵਿਚਾਰ ਕਰੋ। ਕੀ ਇਹ ਬਿਆਨ ਦੇਣਾ ਸਿਰਫ਼ ਹਾਸੋਹੀਣਾ ਨਹੀਂ ਹੋਵੇਗਾ? ਇਸ ਮੌਕੇ ਅਜਿਹੇ ਬਿਆਨ ਦੇ ਕੀ ਮਾਅਨੇ ਹੋਣਗੇ? ਕੀ ਇਹ ਉਸੇ ਗੱਲ ਨੂੰ ਇੱਕ ਵਾਰ ਫਿਰ ਦੁਹਰਾਉਣਾ ਹੀ ਨਹੀਂ ਹੋਵੇਗਾ ਜੋ ਇੱਕ ਵੇਰਾਂ ਸਹੀ ਤਰੀਕੇ ਨਾਲ ਦੁਹਰਾਈ ਜਾ ਚੁੱਕੀ ਹੈ, ਅਤੇ ਜਿਸ ਦਾ ਇਸ ਵੇਲੇ ਕੋਈ ਮਤਲਬ ਨਹੀਂ ਹੈ।
ਬਹੁਤ ਦੇਰ ਤਕ ਫ਼ਿਕਰਮੰਦੀ ਨਾਲ ਸੋਚਣ ਉਪਰੰਤ ਮੈਂ ਇਸ ਸਿੱਟੇ ’ਤੇ ਪਹੁੰਚ ਸਕਿਆ ਹਾਂ ਕਿ ਇੱਥੇ ਕੋਈ ਅਜਿਹਾ ਵਿਅਕਤੀ ਨਹੀਂ ਜੋ ਅਜਿਹੀਆਂ ਸੰਪੂਰਨ ਤੌਰ ’ਤੇ ਨਿੱਜੀ ਕੋਸ਼ਿਸ਼ਾਂ ਦੇ ਮਹੱਤਵ ਨੂੰ ਸਮਝ ਸਕੇ ਅਤੇ ਉਸ ਦੀ ਤਾਰੀਫ਼ ਕਰ ਸਕੇ, ਚਾਹੇ ਇਹ ਕੋਸ਼ਿਸ਼ਾਂ ਕਿੰਨੀਆਂ ਵੀ ਖਿੰਡੀਆਂ ਤੇ ਅਜੋੜ ਹੀ ਕਿਉਂ ਨਾ ਹੋਣ। ਕੋਈ ਆਦਮੀ ਇਹ ਕੋਸ਼ਿਸ਼ ਨਹੀਂ ਕਰਦਾ ਕਿ ਅਜਿਹੇ ਹਰ ਮੌਕੇ ਨੂੰ ਲਹਿਰ ਦੀ ਤਾਕਤ ਵਧਾਉਣ ਲਈ ਇਸਤੇਮਾਲ ਕੀਤਾ ਜਾਵੇ। ਸਿਆਸੀ ਮਸਲਿਆਂ ਵਿੱਚ ਇਸੇ ਅੰਤਰਦ੍ਰਿਸ਼ਟੀ ਦੀ ਘਾਟ ਕਰਕੇ ਹੀ ਸਫ਼ਾਈ ਦੇ ਵਕੀਲ ਸਾਹਿਬ ਨੂੰ ਅਜਿਹੀ ਸਲਾਹ ਦੇਣ ਦੀ ਹਿੰਮਤ ਹੋਈ ਹੈ ਜਾਂ ਵਕੀਲ ਨੇ ਆਪਣੀ ਨਿੱਜੀ ਖਾਹਸ਼ਮੰਦੀ ਕਰਕੇ ਅਜਿਹੀ ਗੱਲ ਕਹਾਉਣ ਦੀ ਸੋਚੀ ਹੈ। ਮੇਰਾ ਇਹ ਭਾਵ ਨਹੀਂ ਕਿ ਲੋਕਾਂ ਨੂੰ ਸਫ਼ਾਈ ਪੇਸ਼ ਨਹੀਂ ਕਰਨੀ ਚਾਹੀਦੀ ਸਗੋਂ ਮੈਂ ਇਸ ਤੋਂ ਉਲਟ ਸੋਚਦਾ ਹਾਂ। ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਬਿਨਾਂ ਅਸਲ ਹਾਲਤ ਨੂੰ ਸਮਝੇ ਵਕੀਲ ਲੋਕ ਇਨਕਲਾਬੀਆਂ ਨੂੰ ਭੰਬਲਭੂਸੇ ਵਿੱਚ ਪਾਉਣ ਤੇ ਉਨ੍ਹਾਂ ਵਿੱਚ ਬੇਦਿਲੀ ਪੈਦਾ ਕਰਨ ਲਈ ਕੁੱਦ ਪੈਣ। ਅਸਲ ਵਿੱਚ ਜਨਤਕ ਕੰਮਾਂ ਵਿੱਚ ਹਿੱਸਾ ਲੈਂਦਿਆਂ ਵੀ ਇਨ੍ਹਾਂ ਵਕੀਲਾਂ ਨੇ- ਮੈਂ ਸਿਰਫ਼ ਪੰਜਾਬ ਦੀ ਗੱਲ ਕਰ ਰਿਹਾ ਹਾਂ-ਇਨਕਲਾਬੀ ਵਿਚਾਰ ਸ਼ੈਲੀ ਨੂੰ ਬਿਲਕੁਲ ਨਹੀਂ ਅਪਣਾਇਆ। ਨਾ ਤਾਂ ਉਨ੍ਹਾਂ ਇਨਕਲਾਬੀਆਂ ਦੇ ਦ੍ਰਿਸ਼ਟੀਕੋਣ ਨੂੰ ਸਮਝਿਆ, ਨਾ ਹੀ ਉਨ੍ਹਾਂ ਦੀ ਮਾਨਸਿਕਤਾ ਨੂੰ।
ਸਧਾਰਨੀਕਰਨ ਦੀ ਬਜਾਏ ਮੈਂ ਅਸਲ ਮੁੱਦੇ ’ਤੇ ਆਉਂਦਾ ਹਾਂ। ਇਸ ਮਾਮਲੇ ਵਿੱਚ ਸਿਰਫ਼ ਇਹ ਕਹਿਣਾ ਕਿ ਹਰੀਕਿਸ਼ਨ ਦਾ ਉਦੇਸ਼ ਸਿਰਫ਼ ਚਿਤਾਵਨੀ ਦੇਣਾ ਸੀ, ਬਿਲਕੁਲ ਵੀ ਕਾਫ਼ੀ ਨਹੀਂ। ਤੁਸੀਂ ਇਸ ਗੱਲ ’ਤੇ ਇਸ ਨੁਕਤੇ ਤੋਂ ਵਿਚਾਰ ਕਰੋ ਕਿ ਇਹ ਘਟਨਾ, ਅਸੈਂਬਲੀ ਦੀ ਘਟਨਾ, ਵਾਇਸਰਾਏ ਦੀ ਗੱਡੀ ਉਡਾਉਣ ਦੀ ਕੋਸ਼ਿਸ਼ ਅਤੇ ਚਟਗਾਓਂ ਦੀ ਘਟਨਾ ਅਤੇ ਹੋਰ ਕਿੰਨੀਆਂ ਅਜਿਹੀਆਂ ਘਟਨਾਵਾਂ ਤੋਂ ਬਾਅਦ ਹੋਈ ਹੈ। ਇਹ ਕਹਿਣਾ ਮੂਰਖਤਾ ਹੈ ਕਿ ਮੁਲਜ਼ਮ ਗਵਰਨਰ ਨੂੰ ਸਿਰਫ਼ ਵਿਰੋਧ ਪ੍ਰਗਟ ਕਰਨ ਲਈ ਜ਼ਖ਼ਮੀ ਕਰਨਾ ਚਾਹੁੰਦਾ ਸੀ।
ਉਸ ਲਈ ਜ਼ਿਆਦਾ ਵਾਜਬ ਬਿਆਨ ਇਹ ਹੋਵੇਗਾ:
1. ਤਾਕਤ ਦਾ ਅੰਨ੍ਹਾ ਇਸਤੇਮਾਲ-ਮਿਸਾਲ ਵਜੋਂ ਬੰਬਈ ਵਿੱਚ ਲਾਠੀਚਾਰਜ, ਅੰਮ੍ਰਿਤਸਰ ਲਾਠੀਚਾਰਜ, ਔਰਤਾਂ ਦੀ ਗ੍ਰਿਫ਼ਤਾਰੀ, ਕੁੱਟਮਾਰ, ਰੋਜ਼ ਰੋਜ਼ ਗੋਲੀ ਚਲਾਉਣਾ (ਇੱਥੇ ਲਾਹੌਰ ਸਾਜ਼ਿਸ਼ ਕੇਸ ਦੇ ਟ੍ਰਿਬਿਊਨਲ ਦੀ ਕਾਰਵਾਈ ਅਤੇ ਉਸ ਵਿੱਚੋਂ ਦਿੱਤੀਆਂ ਗਈਆਂ ਫਾਂਸੀਆਂ ਦੀ ਸਜ਼ਾਵਾਂ ਦਾ ਜ਼ਿਕਰ ਕਰਨ ਨਾਲ ਪੂਰੀ ਇਨਕਲਾਬੀ ਲਹਿਰ ਦਾ ਘਟਨਾਵਾਰ ਸਬੰਧ ਇਸ ਖ਼ਾਸ ਘਟਨਾ ਨਾਲ ਜੋੜਿਆ ਜਾ ਸਕਦਾ ਹੈ)। ਇਨ੍ਹਾਂ ਸਾਰੀਆਂ ਗੱਲਾਂ ਨੇ ਉਸ ਨੂੰ ਇਹ ਕੰਮ ਕਰਨ ਲਈ ਪ੍ਰੇਰਿਤ ਕੀਤਾ।
2. ਇਹ ਤਾਂ ਹਾਲੇ ਮਾਮੂਲੀ ਸ਼ੁਰੂਆਤ ਸੀ- ਮੁਲਜ਼ਮ ਨੇ ਤਾਂ ਸਿਰਫ਼ ਪੂਰੀ ਜਨਤਾ ਦੇ ਉਸ ਅਸੰਤੋਖ ਦਾ ਇੱਕ ਇਸ਼ਾਰਾ ਹੀ ਦਿੱਤਾ ਹੈ, ਜੋ ਅਸੰਤੋਖ ਫੁੱਟਣ ’ਤੇ ਪਰਲੋ ਲਿਆ ਦੇਵੇਗਾ।
3. ਸਰਕਾਰ ਦੀ ਇਹ ਨੀਤੀ ਹੈ ਕਿ ਮੁਲਕ ਨੂੰ ਖ਼ੂਨ-ਖਰਾਬੇ ਵੱਲ ਲੈ ਜਾਏ।
4. ਲੋਕ ਕਿਸੇ ਵੇਲੇ ਵੀ ਬੇਚੈਨ ਹੋ ਸਕਦੇ ਹਨ ਅਤੇ ਅਹਿੰਸਾ ਦੀ ਨੀਤੀ ਛੱਡ ਕੇ ਹਿੰਸਾਤਮਕ ਲੜਾਈ ਵੱਲ ਮੁੜ ਸਕਦੇ ਹਨ।
5. ਮੁਲਜ਼ਮ ਇਹ ਨਹੀਂ ਚਾਹੁੰਦਾ ਕਿ ਸਰਕਾਰ ਇਸ ਨੀਤੀ ਨੂੰ ਛੱਡ ਦੇਵੇ ਕਿਉਂਕਿ ਸਰਕਾਰ ਦੀ ਇਹ ਨੀਤੀ ਲੋਕਾਂ ਨੂੰ ਇਸ ਵਿਰੁੱਧ ਖੜ੍ਹਾ ਕਰ ਦੇਵੇਗੀ।
6. ਸਰਕਾਰ ਪਹਿਲਾਂ ਹੀ ਆਮ ਕਾਨੂੰਨ ਦੀ ਪਾਲਣਾ ਕਰਨੀ ਛੱਡ ਚੁੱਕੀ ਹੈ।
7. ਇਨਕਲਾਬੀ ਲਹਿਰ ਦਾ ਉਦੇਸ਼ ਜਨਤਾ ਨੂੰ ਇਹ ਦਿਖਾਉਣਾ ਹੈ ਕਿ ਅੰਗਰੇਜ਼ ਲੋਕ ਇੱਥੇ ਸਿਰਫ਼ ਫ਼ੌਜੀ ਤਾਕਤ ਨਾਲ ਹੀ ਰਾਜ ਕਰਦੇ ਹਨ ਅਤੇ ਇਸ ਤਰ੍ਹਾਂ ਜਨਤਾ ਨੂੰ ਸਿਆਸੀ ਕੋਸ਼ਿਸ਼ ਲਈ ਜਾਗਰੂਕ ਕਰ ਕੇ ਸਰਕਾਰ ਨੂੰ ਉਲਟ ਦਿੱਤਾ ਜਾਵੇ।
ਇਸ ਮਗਰੋਂ ਮੁਲਜ਼ਮ ਸੋਸ਼ਲਿਸਟ ਪ੍ਰੋਗਰਾਮ ਦਾ ਜ਼ਿਕਰ ਕਰ ਸਕਦਾ ਹੈ। ਉਹ ਲਾਹੌਰ ਦੇ ਵਿਦਿਆਰਥੀਆਂ ਨੂੰ ਅਪੀਲ ਕਰ ਸਕਦਾ ਹੈ ਕਿ ਉਹ ਆਲਸ ਛੱਡਣ ਅਤੇ ਜਨਤਕ ਲਹਿਰ ਵਿੱਚ ਸ਼ਾਮਲ ਹੋ ਜਾਣ। ਇਨ੍ਹਾਂ ਹਾਲਤਾਂ ਵਿੱਚ ਇਹੋ ਸਭ ਤੋਂ ਚੰਗਾ ਬਿਆਨ ਹੈ, ਜੋ ਉਹ ਦੇ ਸਕਦਾ ਹੈ।
ਆਦਰਸ਼ਵਾਦੀ ਦੀ ਤਰ੍ਹਾਂ ਉਹ ਕਹਿ ਸਕਦਾ ਹੈ ਕਿ ਉਹ ਇੱਕ ਆਦਮੀ ਨੂੰ ਮਾਰਨ ਨਹੀਂ ਆਇਆ ਸੀ ਸਗੋਂ ਇਨਕਲਾਬ ਦਾ ਕੰਮ ਕਰਨ ਆਇਆ ਸੀ। ਮਨੁੱਖ ਦੇ ਕਤਲ ਕਰਨ ਵਿੱਚ ਉਸ ਨੂੰ ਦੁੱਖ ਮਹਿਸੂਸ ਹੁੰਦਾ ਹੈ ਪਰ ਹੋਰ ਕੋਈ ਰਸਤਾ ਵੀ ਨਹੀਂ ਹੈ। ਇਨਕਲਾਬ ਦੀ ਬਲਿਵੇਦੀ ’ਤੇ ਵਿਅਕਤੀਆਂ ਨੂੰ ਕੁਰਬਾਨ ਕਰਨਾ ਹੀ ਪਵੇਗਾ। ਆਖ਼ਰ ਉਹ ਵੀ ਤਾਂ ਇੱਕ ਵਿਅਕਤੀ ਹੀ ਹੈ।
ਉਹ ਸੀਨੀਅਰ ਇੰਸਪੈਕਟਰ ਦੀ ਮੌਤ ’ਤੇ ਦੁੱਖ ਜ਼ਾਹਰ ਕਰ ਸਕਦਾ ਹੈ ਜਿਸ ਨੂੰ ਉਹ ਅਸਲ ਵਿੱਚ ਮਾਰਨਾ ਵੀ ਨਹੀਂ ਚਾਹੁੰਦਾ ਸੀ। ਨਾਲ ਹੀ ਗਵਰਨਰ ਨੂੰ ਉਸ ਦੇ ਬਚਣ ਲਈ ਵਧਾਈ ਦੇ ਸਕਦਾ ਹੈ ਕਿ ਉਹ ਬਚ ਗਏ ਹਨ। ਨਾਲ ਹੀ ਉਹ ਐਲਾਨ ਕਰ ਸਕਦਾ ਹੈ ਕਿ ਤੜਫ਼ਦੀ ਹੋਈ ਮਨੁੱਖਤਾ ਅਤੇ ਕੌਮ ਦੇ ਉਧਾਰ ਲਈ ਵਿਅਕਤੀ ਦੇ ਨੁਕਸਾਨ ਦੀ ਬਹੁਤੀ ਪਰਵਾਹ ਨਹੀਂ ਕੀਤੀ ਜਾ ਸਕਦੀ।
ਇਹ ਸਭ ਉਸ ਨੂੰ ਕਹਿਣਾ ਹੀ ਚਾਹੀਦਾ ਹੈ। ਕੀ ਵਕੀਲ ਨੂੰ ਇਹ ਪਤਾ ਹੈ ਕਿ ਇਹ ਕਹਿਣ ਨਾਲ ਕਿ ਉਹ ਗਵਰਨਰ ਨੂੰ ਮਾਰਨਾ ਨਹੀਂ ਚਾਹੁੰਦਾ ਸੀ, ਉਸ ਨੂੰ ਬਚਾ ਲਿਆ ਜਾਏਗਾ? ਇਹ ਉਮੀਦ ਕਰਨੀ ਨਿਰਾ ਬਚਪਨਾ ਹੈ। ਇਸ ਦਾ ਕੋਈ ਫ਼ਾਇਦਾ ਨਹੀਂ ਸਗੋਂ ਨੁਕਸਾਨ ਬਹੁਤ ਵੱਡਾ ਹੈ। ਕਿਸੇ ਘਟਨਾ ਨੂੰ ਜੇ ਆਮ ਲਹਿਰ ਤੋਂ ਵੱਖਰਾ ਕਰ ਦਿੱਤਾ ਜਾਵੇ ਤਾਂ ਉਹ ਆਪਣਾ ਸਾਰਾ ਮਹੱਤਵ ਗੁਆ ਦਿੰਦੀ ਹੈ। ਜਦੋਂ ਕੁਰਬਾਨੀ ਕਰਨੀ ਹੀ ਹੈ ਤਾਂ ਉਸ ਦਾ ਚੰਗੇ ਤੋਂ ਚੰਗਾ ਇਸਤੇਮਾਲ ਕਿਉਂ ਨਾ ਕੀਤਾ ਜਾਵੇ? ਭਵਿੱਖ ਵਿੱਚ ਵੀ ਹਰੇਕ ਇਨਕਲਾਬ ਦੀ ਕੋਸ਼ਿਸ਼ ਦਾ ਸਬੰਧ ਸਾਰੀ ਲਹਿਰ ਨਾਲ ਜੋੜਨਾ ਚਾਹੀਦਾ ਹੈ।
ਇੱਕ ਗੱਲ ਇਹ ਕਿ ਹਰ ਅਜਿਹੀ ਘਟਨਾ ਨੂੰ ਪੂਰੀ ਇਨਕਲਾਬੀ ਲਹਿਰ ਨਾਲ ਜੋੜਿਆ ਜਾਵੇ ਅਤੇ ਦੂਜੀ ਇਹ ਕਿ ਇਨਕਲਾਬੀ ਕੋਸ਼ਿਸ਼ਾਂ ਰਾਹੀਂ ਇਨਕਲਾਬੀ ਲਹਿਰ ਨੂੰ ਆਮ ਜਨਤਕ ਲਹਿਰ ਨਾਲ ਜੋੜਨਾ ਚਾਹੀਦਾ ਹੈ। ਇਸ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਅਜਿਹੇ ਮਾਮਲਿਆਂ ਵਿੱਚ ਪੈਰਵੀ ਕਰਨ ਵਾਲੇ ਵਕੀਲਾਂ ’ਤੇ ਕੰਟਰੋਲ ਰੱਖਿਆ ਜਾਵੇ…
ਇਸ ਤੋਂ ਅੱਗੇ ਕੁਝ ਲਫਜ਼-ਪੰਕਤੀਆਂ ਸਪੱਸ਼ਟ ਨਹੀਂ।

No comments: