Sunday, 27 March 2011

ਭਗਤ ਸਿੰਘ ਦੀ #ਸਿਆਸੀ ਕੈਦੀ# ਦੀ ਪਰਿਭਾਸ਼ਾ

ਭਗਤ ਸਿੰਘ ਦੀ #ਸਿਆਸੀ ਕੈਦੀ# ਦੀ ਪਰਿਭਾਸ਼ਾ
                          ਡਾ॰  ਚਮਨ ਲਾਲ
           ਭਗਤ ਸਿੰਘ ਦੇ ਕੁਝ ਹੋਰ ਅਹਮ ਖ਼ਤ ਸਾਹਮਣੇ ਆਏ ਹਨ,ਜਿਨਾਂ ਤੋਂ ਇੱਕ ਖ਼ਤ ਵਿੱਚ ਉਨਾਂ ਸਿਆਸੀ ਕੈਦੀ ਦੀ ਸਪਸ਼ਟ ਪਰਿਭਾਸ਼ਾ ਦਿੱਤੀ ਹੈ। 12 ਜੂਨ 1929 ਨੂੰ ਉਨਾਂ ਨੂੰ ਤੇ ਬਟੁਕੇਸ਼ਵਰ ਦੱਤ ਨੂੰ  ਦਿੱਲੀ ਅਸੈਂਬਲੀ ਬੰਬ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਦੇਣ ਤੋਂ ਬਾਦ ਮੀਆਂਵਾਲੀ ਤੇ ਲਾਹੌਰ ਜੇਲ਼ ਭੇਜਿਆ ਗਿਆ। ਦਿੱਲੀ ਵਿੱਚ ਦੋਵਾਂ ਨੂੰ ਵਿਸ਼ੇਸ਼ ਕੈਦੀ ਦਾ ਦਰਜਾ ਹਾਸਿਲ ਸੀ,ਪਰ ਪੰਜਾਬ ਵਿੱਚ  ਉਨਾਂ ਨੂੰ ਸਧਾਰਨ ਕੈਦੀ ਸਮਝਿਆ ਗਿਆ, ਜਿਸਦੇ ਖਿਲਾਫ ਦੋਵਾਂ ਨੇ 15 ਜੂਨ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।ਇਸ ਸੰਬੰਧ ਵਿੱਚ ਭਗਤ ਸਿੰਘ ਨੇ ਆਈ॰ ਜੀ॰ਪੰਜਾਬ ਜੇਲ ਨੂੰ 17 ਜੂਨ ਨੂੰ ਖ਼ਤ ਲਿਖਿਆ,ਜਿਸਦੇ ਪ੍ਰਤੀਕਰਮ ਵਜੋਂ ਸੁਪਰਡੈਂਟ ਮੀਆਂਵਾਲੀ ਜੇਲ ਨੇ ਭਗਤ ਸਿੰਘ ਤੋਂ 18 ਜੂਨ ਨੂੰ ਕੁਝ ਸਪਸ਼ਟੀਕਰਨ ਮੰਗੇ, ਜਿਨਾਂ ਵਿੱਚ ਇੱਕ ਉਨਾਂ ਵਲੋਂ ਖੁਦ ਨੂੰ #ਸਿਆਸੀ ਕੈਦੀ# ਸਮਝੇ ਜਾਣ ਬਾਰੇ ਸੀ। ਭਗਤ ਸਿੰਘ ਨੇ 19 ਜੂਨ ਨੂੰ ਇਸ ਖ਼ਤ ਦੇ ਜਵਾਬ ਵਿੱਚ  ਜੋ ਖ਼ਤ ਸੁਪਰਡੈਂਟ ਜੇਲ ਨੂੰ ਲਿਖਿਆ, ਉਹ ਉਨਾਂ ਦੀ #ਸਿਆਸੀ ਕੈਦੀ# ਦੀ ਪਰਿਭਾਸ਼ਾ ਨੂੰ ਸਪਸ਼ਟ ਕਰਨ ਵਾਲਾ ਹੈ। ਮੂਲ ਖ਼ਤ ਅੰਗਰੇਜ਼ੀ ਵਿੱਚ ਮਲਵਿੰਦਰਜੀਤ ਸਿੰਘ ਵੜੈਚ ਹੁਰਾਂ ਆਪਣੀ ਕਿਤਾਬ-#ਭਗਤ ਸਿੰਘ ਦੀ ਫਾਂਸੀ# ਵਿੱਚ ਛਾਪ ਦਿਤਾ ਹੈ, ਇਥੇ ਉਸਦਾ ਪੰਜਾਬੀ ਤਰਜਮਾ ਪੇਸ਼ ਹੈ।ਭਗਤ ਸਿੰਘ ਦੇ ਸਿਆਸੀ ਵਿਚਾਰਾਂ ਨੂੰ ਸਮਝਣ ਲਈ ਏਹ ਖ਼ਤ ਬੜਾ ਜ਼ਰੂਰੀ ਹੈ।–ਚਮਨ ਲਾਲ
ਸੇਵਾ ਵਿਖੇ
ਸੁਪਰਡੈਂਟ
ਜ਼ਿਲਾ ਜੇਲ ਮੀਆਂਵਾਲੀ
ਪਿਆਰੇ ਸ਼੍ਰੀਮਾਨ ਜੀ,
ਮੇਰੀ ਅਰਜ਼ੀ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ ਵਿੱਚ ਮੈਂ  ਕਹਣਾ  ਚਾਹੁੰਦਾ ਹਾਂ:
1॰ ਮੈਂ ਇੱਕ ਸਿਆਸੀ ਕੈਦੀ ਹਾਂ।ਮੈਨੂੰ ਨਹੀਂ ਪਤਾ ਕਿ ਵਿਸ਼ੇਸ਼ ਦਰਜੇ ਦੇ ਕੈਦੀਆਂ ਨੂੰ ਕੀ ਸਹੂਲਤਾਂ ਹਾਸਲ ਹਨ।ਇੱਕ ਹੱਕ ਦੇ ਤੌਰ ਤੇ ਮੈਂ ਕਹਣਾ ਚਾਹੁੰਦਾ ਹਾਂ ਕਿ ਸਾਨੂੰ #ਸਿਆਸੀ ਕੈਦੀ# ਤਸਲੀਮ ਕਰਨਾ ਚਾਹੀਦਾ ਹੈ। ਪਰ #ਰਾਜ ਕੈਦੀ# ਆਪਣੇ ਆਪ ਵਿੱਚ ਬੜਾ ਅਜੀਬ ਹੈ।*ਇਸ ਲਈ ਮੈਂ ਕਹੰਦਾ ਹਾਂ ਕਿ ਮੇਰੇ ਨਾਲ ਵਿਸ਼ੇਸ਼ ਸਲੂਕ ਕੀਤਾ ਜਾਵੇ ,ਮਤਲਬ ਮੈਨੂੰ ਉਹੋ ਵਿਸ਼ੇਸ਼ ਖ਼ੁਰਾਕ ਦਿੱਤੀ ਜਾਵੇ, ਜੋ ਮੈਨੂੰ ਦਿੱਲੀ ਜੇਲ ਵਿੱਚ ਦਿੱਤੀ ਜਾਂਦੀ ਸੀ-ਮੁਲਜ਼ਮ ਤੇ ਸਜ਼ਾ ਮਿਲਣ ਬਾਅਦ ਦੋ ਦਿਨ- ਦੋਵਾਂ ਰੂਪਾਂ ਵਿੱਚ। ਇਸਦੇ ਨਾਲ ਹੀ ਮੈਨੂੰ ਸਾਹਿਤ ਪੜ੍ਹਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ,ਕਿਉਂਕਿ ਸਾਨੂੰ ਸਾਡੇ ਵਿਚਾਰਾਂ ਲਈ ਸਜ਼ਾ ਦਿੱਤੀ ਗਈ ਹੈ ਅਤੇ ਅਕਸਰ ਸਾਨੂੰ #ਭਟਕੇ# ਜਾ ਅਜਿਹਾ ਕੁਝ ਹੀ ਕਿਹਾ ਗਿਆ ਹੈ। ਇਸਲਈ ਸਾਨੂੰ ਪੜ੍ਹਨ ਅਤੇ #ਨਰਮ ਖਿਆਲ ਅਤੇ ਵਿਚਾਰ# ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ, ਜੋ ਵੀ ਹੋਵੇ, ਇਤਿਹਾਸ, ਅਰਥਸ਼ਾਸ਼ਤਰ ਵਰਗੇ ਵਿਸ਼ਿਆਂ ਦੀਆਂ ਕਿਤਾਬਾਂ ਸਾਨੂੰ ਬਿਨਾ ਰੁਕਾਵਟ ਮਿਲਣੀਆਂ ਚਾਹੀਦੀਆਂ ਹਨ,ਜਿਵੇ ਵਿਸ਼ੇਸ਼ ਦਰਜੇ ਦੇ ਕੈਦੀਆਂ ਨੂੰ ਮਿਲਦੀਆਂ ਹਨ।
2. ਦਿੱਲੀ ਜੇਲ ਵਿੱਚ ਮੁਕਦਮੇ ਅਧੀਨ ਅਤੇ ਸਜਾਯਾਫਤਾ ਦੋਵਾਂ ਰੂਪਾਂ ਵਿੱਚ ਵਿਸ਼ੇਸ਼ ਖ਼ੁਰਾਕ ਅਤੇ ਸਾਹਿਤ ਮਿਲਦਾ ਸੀ।
3॰ #ਜ਼ਬਰਦਸਤੀ ਮਸ਼ੱਕਤ# ਤੋਂ ਮਤਲਬ ਏਹ ਕਿ ਅਸੀਂ ਸਿਆਸੀ ਕੈਦੀਆਂ ਤੇ ਸਜ਼ਾ ਦੇ ਹਿੱਸੇ ਦੇ ਤੌਰ ਤੇ ਮਸ਼ੱਕਤ ਕਰਨ ਦੀ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ। ਅਸੀਂ ਆਪਣੀ ਇਛਾ ਨਾਲ ਮਸ਼ੱਕਤ ਕਰ ਸਕਦੇ ਹਾਂ।
4.ਮੈਨੂੰ ਜੱਜ ਤੋਂ ਵਿਸ਼ੇਸ਼ ਸਹੂਲਤਾਂ ਬਾਰੇ ਪੁਛਣ ਦੀ ਲੋੜ ਮਹਿਸੂਸ ਨਹੀਂ ਹੋਈ, ਕਿਉਂਕਿ ਏਹ ਸਾਨੂੰ ਪਹਲਾਂ ਤੋਂ ਮਿਲ ਰਹੀਆਂ ਸਨ।
5. ਹੁਣ ਤੁਹਾਡੇ ਪੰਜਵੇ ਸਵਾਲ ਬਾਰੇ। ਮੈਂ ਸਾਫ ਲਫਜ਼ਾਂ ਵਿਸ਼ ਉਨਾ ਹੱਕਾਂ ਦੀ ਬੇਨਤੀ ਕਰਦਾ ਹਾਂ, ਜਿਨਾਂ ਦਾ ਸਾਨੂੰ ਸਿਆਸੀ ਹੋਣ ਕਰ ਕੇ ਹੱਕ ਹੈ। ਅਜੇਹਾ ਕੋਈ ਵੀ ਕਾਨੂਨ ਜੋ ਸਾਡੇ ਹੱਕਾਂ ਦਾ ਉਲੰਘਣ ਕਰਦਾ ਹੋਵੇ, ਦੀ ਇੱਜ਼ਤ ਦੀ ਉਮੀਦ ਸਾਥੋਂ ਨਹੀਂ ਕੀਤੀ ਜਾਂ ਸਕਦੀ। ਮੈਂ ਬਿਨਾ ਵਜਾਹ ਕੋਈ ਝਗੜਾ ਨਹੀਂ ਕਰਨਾ ਚਾਹੁੰਦਾ। ਮੇਰੇ ਖਿਆਲ ਵਿੱਚ ਮੈਂ ਬੇਹਦ ਬਾਦਲੀਲ ਮੰਗਾਂ ਰਖੀਆਂ ਹਨ ਅਤੇ ਮੇਰਾ ਵਿਵਹਾਰ, ਜੋ ਹੁਣ ਤੱਕ  ਮੇਰੇ ਖਿਆਲ ਵਿੱਚ ਬੇਹੱਦ ਵਾਜਿਬ ਰਿਹਾ ਹੈ, ਇਸ ਵੱਲ ਇਸ਼ਾਰਾ ਕਰਦਾ ਹੈ ਕਿ ਮੈਂ ਕਿਸੇ ਕਾਨੂਨ ਦਾ ਉਲੰਘਣ ਨਹੀਂ ਕੀਤਾ । ਮੈਂ ਬੜੇ ਅਫਸੋਸ ਨਾਲ ਕਹ ਰਿਹਾ ਹਨ ਕਿ ਮੈਂ ਹੋਰ ਕੁੱਝ ਨਹੀਂ ਕਰ ਸਕਦਾ ਅਤੇ ਇਸਲਈ ਜੋ ਵੀ ਤਕਲੀਫਾਂ ਹੋਣਗੀਆਂ , ਮੈਂ ਝਲਣ ਲਈ ਤਿਆਰ ਹਾਂ।
  ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਮੈਂ ਜੋ ਕਿਹਾ ਹੈ,ਉਸਤੇ  ਬਿਨਾਂ ਕਿਸੇ ਤਾਸਬ ਦੇ ਗੌਰ ਫ਼ਰਮਾਓ ਅਤੇ ਜ਼ਰੂਰੀ ਕਾਰਵਾਈ ਕਰੋ।
ਲਾਹੌਰ,ਜ਼ਰੀਏ ਸੁਪਰਡੈਂਟ                                                ਦਸਖ਼ਤ- ਭਗਤ ਸਿੰਘ
19-6-1929                                                 ਕੈਦੀ ਨੰ॰ 1119

  •  ਜੇਲ ਸੁਪ੍ਰਡੈਂਟ ਨੇ ਪੁਛਿਆ ਸੀ ਕਿ ਕਿਉਂਕਿ ਜੇਲ ਨਿਯਮਾਂ ਵਿੱਚ #ਸਿਆਸੀ ਕੈਦੀ# ਲਫਜ਼ ਹੀ ਨਹੀਂ ਹੈ,ਉਨਾਂ ਨੂੰ #ਵਿਸ਼ੇਸ਼ ਦਰਜਾ ਹਾਸਲ # ਜਾਂ#ਰਾਜ ਕੈਦੀ# ਦਰਜੇ ਵਿੱਚ  ਰਖਣ ਤੇ ਵਿਚਾਰ ਹੋ ਸਕਦਾ ਹੈ , ਏਹ ਜਵਾਬ ਉਸ ਹਵਾਲੇ ਨਾਲ ਹੈ ।
  • ਪੰਜਾਬੀ ਅਨੁਵਾਦ ਅਤੇ ਟਿੱਪਣੀ—ਚਮਨ ਲਾਲ , ਪ੍ਰੋਫੈਸਰ, JNU,ਦਿੱਲੀ

No comments: